Heavy rains lash parts: ਨਵੀਂ ਦਿੱਲੀ: ਦਿੱਲੀ ਸਮੇਤ ਐਨਸੀਆਰ ਦੇ ਕਈ ਇਲਾਕਿਆਂ ਵਿੱਚ ਬੁੱਧਵਾਰ ਸ਼ਾਮ ਨੂੰ ਭਾਰੀ ਬਾਰਿਸ਼ ਹੋਈ। ਇਸ ਤੋਂ ਬਾਅਦ ਸਾਰੀ ਰਾਤ ਰੁਕ-ਰੁਕ ਕੇ ਬਾਰਿਸ਼ ਹੁੰਦੀ ਰਹੀ।ਜਿਸ ਨਾਲ ਲੋਕਾਂ ਨੂੰ ਗਰਮੀ ਅਤੇ ਨਮੀ ਤੋਂ ਰਾਹਤ ਮਿਲ ਗਈ , ਪਰ ਇਸਦੇ ਨਾਲ ਹੀ ਕਈ ਥਾਵਾਂ ‘ਤੇ ਪਾਣੀ ਭਰਨ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਦਰਅਸਲ, ਦਿੱਲੀ ਵਿੱਚ ਬੁੱਧਵਾਰ ਦਾ ਦਿਨ ਗਰਮ ਅਤੇ ਨਮੀ ਵਾਲਾ ਰਿਹਾ। ਹਾਲਾਂਕਿ ਦੇਰ ਰਾਤ ਤੱਕ ਬਹੁਤੀਆਂ ਥਾਵਾਂ ‘ਤੇ ਬੱਦਲ ਛਾ ਗਏ ਅਤੇ ਤੇਜ਼ ਹਵਾਵਾਂ ਨਾਲ ਤੇਜ਼ ਬਾਰਿਸ਼ ਸ਼ੁਰੂ ਹੋ ਗਈ। ਦਿੱਲੀ ਦੇ ਕੁਝ ਹਿੱਸਿਆਂ ਜਿਵੇਂ ਮਯੂਰ ਵਿਹਾਰ, ਦਿਲਸ਼ਾਦ ਗਾਰਡਨ, ਉੱਤਮਨਗਰ, ਦੁਆਰਕਾ, ਜਨਕਪੁਰੀ ਵਿੱਚ ਹਲਕੀ ਬਾਰਿਸ਼ ਹੋਈ। ਬਾਰਿਸ਼ ਤੋਂ ਬਾਅਦ ਦਿੱਲੀ ਦੇ ਕਈ ਹਿੱਸਿਆਂ ਵਿੱਚ ਪਾਣੀ ਭਰ ਗਿਆ । ਨਵੀਂ ਦਿੱਲੀ ਰੇਲਵੇ ਸਟੇਸ਼ਨ ਅਤੇ ਦੁਆਰਕਾ ਖੇਤਰ ਵਿੱਚ ਇੱਕ ਅੰਡਰਪਾਸ ਵਿੱਚ ਪਾਣੀ ਭਰਨ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਬੁੱਧਵਾਰ ਦੇਰ ਰਾਤ ਹੋਈ ਬਾਰਿਸ਼ ਕਾਰਨ ਜਿੱਥੇ ਇੱਕ ਪਾਸੇ ਮੌਸਮ ਸੁਹਾਵਣਾ ਹੋ ਗਿਆ, ਉੱਥੇ ਹੀ ਵੀਰਵਾਰ ਸਵੇਰੇ ਸ਼ਹਿਰ ਦੇ ਲੋਕਾਂ ਨੂੰ ਪਾਣੀ ਭਰਨ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਬਾਰਿਸ਼ ਕਾਰਨ ਨਗਰ ਨਿਗਮ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਹਾਲਤ ਇਹ ਸੀ ਕਿ ਇਫਕੋ ਚੌਕ ਤੋਂ ਲੈ ਕੇ ਗੁਰੂਗ੍ਰਾਮ ਬੱਸ ਡਿਪੂ ਪਾਣੀ ਭਰ ਗਿਆ। ਇਸ ਤੋਂ ਇਲਾਵਾ ਬਸਈ ਰੋਡ, ਸ਼ੀਤਲਾ ਮਾਤਾ ਰੋਡ, ਰਾਜੇਂਦਰ ਪਾਰਕ, ਸੈਕਟਰ -15 ਪਾਰਕ ਸਮੇਤ ਬਹੁਤੇ ਇਲਾਕਿਆਂ ਵਿੱਚ ਜ਼ਬਰਦਸਤ ਪਾਣੀ ਭਰ ਗਿਆ । ਇਸ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਦੱਸ ਦੇਈਏ ਕਿ ਰਾਜਧਾਨੀ ਦਿੱਲੀ ਸਮੇਤ ਪੂਰੇ ਐਨਸੀਆਰ ਵਿੱਚ ਵੀਰਵਾਰ ਨੂੰ ਭਾਰੀ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਨੇ ਆਰੇਂਜ ਅਲਰਟ ਜਾਰੀ ਕਰਦਿਆਂ ਕੁਝ ਥਾਵਾਂ ‘ਤੇ ਭਾਰੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ। ਇਸ ਤੋਂ ਇਲਾਵਾ ਜੇਕਰ ਇੱਥੇ ਦਿੱਲੀ ਦੀ ਹਵਾ ਗੱਲ ਕੀਤੀ ਜਾਵੇ ਤਾਂ ਮੌਸਮ ਵਿੱਚ ਲਗਾਤਾਰ ਹੋ ਰਹੀ ਤਬਦੀਲੀ ਕਾਰਨ ਦਿੱਲੀ ਦੀ ਹਵਾ ਸਾਫ ਬਣੀ ਹੋਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਬੁੱਧਵਾਰ ਨੂੰ ਔਸਤਨ ਹਵਾ ਦੀ ਕੁਆਲਟੀ ਦਾ ਸੂਚਕ ਅੰਕ 75 ਅੰਕਾਂ ‘ਤੇ ਰਿਹਾ । ਹਵਾ ਦਾ ਇਹ ਪੱਧਰ ਇੱਕ ਤਸੱਲੀਬਖਸ਼ ਸੀਮਾ ਵਿੱਚ ਰੱਖਿਆ ਗਿਆ ਹੈ।