Heavy snowfall in Kashmir: ਜੰਮੂ-ਕਸ਼ਮੀਰ ਵਿੱਚ ਸੋਮਵਾਰ ਨੂੰ ਮੌਸਮ ਵਿੱਚ ਸੁਧਾਰ ਤਾਂ ਦਿਖਾਈ ਦਿੱਤਾ, ਪਰ ਉੱਚ ਪਹਾੜੀ ਇਲਾਕਿਆਂ ਜਿਵੇਂ ਕਿ ਪੀਰ ਪੰਜਾਲ, ਸਿਓਜਧਾਰ ਦੀਆਂ ਚੋਟੀਆਂ ‘ਤੇ ਤਾਜ਼ਾ ਬਰਫਬਾਰੀ ਜਾਰੀ ਹੈ। ਭਾਰੀ ਬਰਫਬਾਰੀ ਕਾਰਨ ਕਸ਼ਮੀਰ ਦੇ ਕਈ ਰਸਤੇ ਕੱਟ ਦਿੱਤੇ ਗਏ ਹਨ। ਬਾਰਾਮੂਲਾ, ਅਨੰਤਨਾਗ, ਕੁਲਗਾਮ, ਸ਼ੋਪੀਆਂ, ਪੁਲਵਾਮਾ ਆਦਿ ਜ਼ਿਲ੍ਹਿਆਂ ਵਿੱਚ ਬਿਜਲੀ ਅਤੇ ਸੜਕ ਸੰਪਰਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ । ਸ੍ਰੀਨਗਰ ਹਵਾਈ ਅੱਡੇ ‘ਤੇ ਹਵਾਈ ਸੇਵਾ ਠੱਪ ਰਹੀ । ਮੌਸਮ ਵਿਭਾਗ ਅਨੁਸਾਰ ਘਾਟੀ ਵਿੱਚ ਅਗਲੇ 48 ਘੰਟਿਆਂ ਤੱਕ ਬਰਫਬਾਰੀ ਜਾਰੀ ਰਹਿਣ ਦੀ ਉਮੀਦ ਹੈ । ਇਸਦੇ ਨਾਲ ਹੀ ਮੈਦਾਨੀ ਇਲਾਕਿਆਂ ਵਿੱਚ ਵੀ ਮੀਂਹ ਪੈ ਸਕਦਾ ਹੈ।
ਦਰਅਸਲ, ਜੰਮੂ ਵਿੱਚ ਸੋਮਵਾਰ ਸਵੇਰ ਤੋਂ ਮੌਸਮ ਸਾਫ਼ ਰਿਹਾ । ਮੌਸਮ ਸਾਫ ਹੋਣ ਕਾਰਨ ਲੋਕਾਂ ਨੂੰ ਰਾਹਤ ਮਿਲੀ । ਇਸ ਦੇ ਨਾਲ ਵਿਭਾਗਾਂ ਵੱਲੋਂ ਜੰਗੀ ਪੱਧਰ ‘ਤੇ ਡਵੀਜ਼ਨ ਵਿਚ ਬਿਜਲੀ ਅਤੇ ਪੀਣ ਵਾਲੇ ਪਾਣੀ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਉਣ ਵਿੱਚ ਵੀ ਮਦਦ ਮਿਲੀ ਹੈ। ਇਸ ਦੇ ਨਾਲ ਹੀ ਜੰਮੂ ਸ੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਜ਼ਮੀਨ ਖਿਸਕਣ ਅਤੇ ਫਿਸਲਣ ਕਾਰਨ ਸੋਮਵਾਰ ਨੂੰ ਇਹ ਖੋਲ੍ਹਿਆ ਨਹੀਂ ਜਾ ਸਕਿਆ। ਇਸ ਕਾਰਨ ਤਕਰੀਬਨ ਚਾਰ ਹਜ਼ਾਰ ਵਾਹਨ ਫਸੇ ਹੋਏ ਹਨ । ਉੱਥੇ ਹੀ ਬਰਫ ਜੰਮਣ ਤੋਂ ਬਾਅਦ ਸ਼ੀਤ ਲਹਿਰ ਦਾ ਸਿਲਸਿਲਾ ਹੋਰ ਤੇਜ਼ ਹੋ ਜਾਵੇਗਾ ਅਤੇ ਠੰਡ ਦਾ ਪ੍ਰਕੋਪ ਵਧਣਾ ਨਿਸ਼ਚਤ ਹੈ। ਸ੍ਰੀਨਗਰ ਵਿੱਚ ਸੋਮਵਾਰ ਨੂੰ ਘੱਟੋ-ਘੱਟ ਤਾਪਮਾਨ 0 ਤੋਂ ਘੱਟ 0.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ । ਇਸ ਤੋਂ ਇਲਾਵਾ ਗੁਲਮਰਗ ਵਿੱਚ ਘੱਟੋ-ਘੱਟ ਤਾਪਮਾਨ 0 ਤੋਂ ਘੱਟ 0.7 ਡਿਗਰੀ ਰਿਹਾ।
ਸ਼੍ਰੀਨਗਰ ਤੇ ਘਾਟੀ ਦੇ ਸਾਰੇ ਇਲਾਕਿਆਂ ਵਿੱਚ ਸ਼ਨੀਵਾਰ ਦੇਰ ਰਾਤ ਸ਼ੁਰੂ ਹੋਈ ਬਰਫਬਾਰੀ ਦਾ ਸਿਲਸਿਲਾ ਸੋਮਵਾਰ ਨੂੰ ਵੀ ਜਾਰੀ ਰਿਹਾ। ਸ੍ਰੀਨਗਰ ਵਿੱਚ ਹੋਈ ਇਸ ਮੌਸਮ ਦੀ ਸਭ ਤੋਂ ਭਿਆਨਕ ਬਰਫਬਾਰੀ ਤੋਂ ਬਾਅਦ ਪ੍ਰਸ਼ਾਸਨ ਨੇ ਮੁੱਖ ਸੜਕਾਂ ਤੋਂ ਬਰਫ ਹਟਾਉਣਾ ਸ਼ੁਰੂ ਕਰ ਦਿੱਤਾ ਹੈ । ਐਸਐਮਸੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਵੇਰੇ ਸੱਤ ਵਜੇ ਹੀ ਬਰਫ ਹਟਾਉਣ ਲਈ ਤਿੰਨ ਹਜ਼ਾਰ ਕਰਮਚਾਰੀ ਤਾਇਨਾਤ ਕੀਤੇ ਗਏ ਹਨ । ਜਿੱਥੇ ਮਸ਼ੀਨਰੀ ਨਹੀਂ ਵਰਤੀ ਜਾ ਸਕਦੀ ਉੱਥੇ ਮੈਨੂਅਲ ਕਲੀਅਰੈਂਸ ਕੀਤੀ ਗਈ। ਸ੍ਰੀਨਗਰ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ।
ਦੱਸ ਦੇਈਏ ਕਿ ਕਸ਼ਮੀਰ ਘਾਟੀ ਵਿੱਚ ਬਰਫਬਾਰੀ ਕਾਰਨ ਹਵਾਈ ਸੇਵਾ ਲਗਾਤਾਰ ਦੂਜੇ ਦਿਨ ਪ੍ਰਭਾਵਿਤ ਰਹੀ । ਸ੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ਜਾਣ ਅਤੇ ਆਉਣ ਵਾਲੀਆਂ ਪੰਜ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ । ਜੰਮੂ ਤੋਂ ਸ਼੍ਰੀਨਗਰ ਜਾਣ ਵਾਲੀਆਂ ਤਿੰਨ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ, ਜਦਕਿ ਹੋਰ ਸ਼ਹਿਰਾਂ ਦੀਆਂ ਉਡਾਣਾਂ ਜੰਮੂ ਤੋਂ ਹੀ ਮੋੜ ਦਿੱਤੀਆਂ ਗਈਆਂ । ਵਾਦੀ ਵਿੱਚ ਦੋ ਦਿਨਾਂ ਤੋਂ ਬਰਫਬਾਰੀ ਹੋਣ ਕਾਰਨ ਸੜਕ ਅਤੇ ਹਵਾਈ ਮਾਰਗ ਦੋਵੇਂ ਪ੍ਰਭਾਵਿਤ ਹੋਏ ਹਨ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।