ਸ੍ਰੀ ਹੇਮਕੁੰਟ ਸਾਹਿਬ, ਉਹ ਇਤਿਹਾਸਿਕ ਧਾਰਮਿਕ ਅਸਥਾਨ ਜਿੱਥੇ ਦੇਸ਼-ਦੁਨੀਆਂ ਤੋਂ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਸੰਗਤ ਪਹੁੰਚਦੀ ਹੈ। ਇਸ ਵਾਰ ਉੱਤਰਾਖੰਡ ਦੇ ਚਮੌਲੀ ਜ਼ਿਲ੍ਹੇ ਵਿੱਚ ਸਥਿੱਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਪਵਿੱਤਰ ਯਾਤਰਾ 22 ਮਈ ਤੋਂ ਸ਼ੁਰੂ ਹੋਵੇਗੀ । ਹੇਮਕੁੰਟ ਸਾਹਿਬ ਦੀ ਯਾਤਰਾ ਲਈ ਪਹਿਲਾ ਜੱਥਾ 19 ਮਈ ਨੂੰ ਰਿਸ਼ੀਕੇਸ਼ ਤੋਂ ਰਵਾਨਾ ਹੋਵੇਗਾ।
ਮਿਲੀ ਜਾਣਕਾਰੀ ਅਨੁਸਾਰ ਭਾਰਤੀ ਫ਼ੌਜ ਨੇ ਐਤਵਾਰ ਨੂੰ ਗੜ੍ਹਵਾਲ ਹਿਮਾਲਿਆ ਵਿੱਚ 15,200 ਫੁੱਟ ‘ਤੇ ਸਥਿਤ ਵਿਸ਼ਵ ਦੇ ਸਭ ਤੋਂ ਉੱਚੇ ਗੁਰਦੁਆਰਾ ਸਾਹਿਬ ਹੇਮਕੁੰਟ ਸਾਹਿਬ ਤੱਕ ਬਰਫ਼ ਹਟਾ ਕੇ ਆਵਾਜਾਈ ਲਈ ਰਸਤਾ ਸਾਫ਼ ਕਰ ਦਿੱਤਾ ਹੈ । ਦੋ ਸਾਲਾਂ ਤੋਂ ਕਰੋਨਾ ਦੇ ਦੌਰ ਵਿੱਚ ਹੇਮਕੁੰਟ ਸਾਹਿਬ ਦੀ ਯਾਤਰਾ ਵੀ ਰੁਕ ਗਈ ਸੀ ਪਰ ਇਸ ਸਾਲ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਕਰਨ ਲਈ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਦੱਸ ਦੇਈਏ ਕਿ ਭਾਰਤੀ ਫੌਜ ਵੱਲੋਂ ਹਮੇਸ਼ਾ ਰਾਹ ਖੋਲ੍ਹਣ ਦੀ ਜ਼ਿੰਮੇਵਾਰੀ ਨਿਭਾਈ ਜਾਂਦੀ ਹੈ। ਹੇਮਕੁੰਟ ਸਾਹਿਬ ਗੁਰਦੁਆਰੇ ਤੱਕ 18 ਕਿਲੋਮੀਟਰ ਦੀ ਔਖੀ ਯਾਤਰਾ ਗੋਵਿੰਦਘਾਟ ਤੋਂ ਸ਼ੁਰੂ ਹੁੰਦੀ ਹੈ। ਇਸਦੇ ਮੱਦੇਨਜ਼ਰ ਗੁਰਦੁਆਰਾ ਕਮੇਟੀ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤਾਂ ਜੋ ਯਾਤਰੀਆਂ ਨੂੰ ਯਾਤਰਾ ਦੌਰਾਨ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ । ਭਾਰਤੀ ਫੌਜ ਵੱਲੋਂ 8 ਤੋਂ 9 ਫੁੱਟ ਵੱਡੇ ਗਲੇਸ਼ੀਅਰਾਂ ਨੂੰ ਕੱਟ ਕੇ ਉਨ੍ਹਾਂ ਵਿਚਕਾਰ ਰਸਤਾ ਤਿਆਰ ਕੀਤਾ ਗਿਆ ਹੈ।
ਇਸ ਸਬੰਧੀ ਭਾਰਤੀ ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਧਾਮ ਵਿੱਚ ਅਜੇ ਵੀ 7 ਤੋਂ 8 ਫੁੱਟ ਤੱਕ ਬਰਫ ਜੰਮੀ ਹੋਈ ਹੈ। ਬਰਫ਼ ਕਾਰਨ ਪਵਿੱਤਰ ਝੀਲ ਵੀ ਜੰਮ ਗਈ ਹੈ, ਪਰ ਮਈ ਤੱਕ ਇਸਦੀ ਬਰਫ਼ ਪਿਘਲਣ ਦੀ ਪੂਰੀ ਸੰਭਾਵਨਾ ਹੈ । ਬਰਫ਼ ਸਾਫ਼ ਹੋਣ ਤੋਂ ਬਾਅਦ ਹੇਮਕੁੰਟ ਸਾਹਿਬ ਜਾਣ ਦਾ ਰਸਤਾ ਠੀਕ ਹੋ ਜਾਵੇਗਾ। ਇਸ ਤੋਂ ਬਾਅਦ ਇੱਥੇ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਵੀਡੀਓ ਲਈ ਕਲਿੱਕ ਕਰੋ -: