Hizbul Mujahideen terror module: ਜੰਮੂ: ਜੰਮੂ-ਕਸ਼ਮੀਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਦੇ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ ਅਤੇ ਕੁਪਵਾੜਾ ਜ਼ਿਲ੍ਹੇ ਤੋਂ ਹਿਜ਼ਬੁਲ ਦੇ ਪੰਜ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਦਰਅਸਲ, ਪੁਲਿਸ ਨੇ ਫੜੇ ਗਏ ਹਿਜ਼ਬੁਲ ਅੱਤਵਾਦੀਆਂ ਦੀ ਪਛਾਣ ਪਰਵੇਜ਼ ਅਹਿਮਦ ਭੱਟ (22), ਅਲਤਾਫ ਅਹਿਮਦ ਮਿਰ (35), ਮੁਹੰਮਦ (35), ਨਾਜ਼ੀਮੂਦੀਨ ਗੁਰਜਰ (44) ਅਤੇ ਅਬਦੁੱਲ ਕਯੂਮ (29) ਦੇ ਰੂਪ ਵਿੱਚ ਕੀਤੀ ਹੈ । ਦੱਸਿਆ ਜਾ ਰਿਹਾ ਹੈ ਕਿ ਕੁਪਵਾੜਾ ਦੇ ਲਾਲਪੋਰਾ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਹੋਇਆ ਹੈ ।
ਇਸ ਸਬੰਧੀ ਫੌਜ ਨੇ ਕਿਹਾ ਕਿ ਜੰਮੂ-ਕਸ਼ਮੀਰ ਪੁਲਿਸ ਦੇ ਇੰਪੁੱਟ ਦੇ ਅਧਾਰ ‘ਤੇ ਸੋਮਵਾਰ ਦੇਰ ਸ਼ਾਮ ਇੱਕ ਸਾਂਝੇ ਅਭਿਆਨ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ । ਅਧਿਕਾਰੀਆਂ ਨੇ ਦੱਸਿਆ ਕਿ ਮਾਛਿਲ ਸੈਕਟਰ ਵਿੱਚ ਆਰਮੀ 56 ਆਰਆਰ ਨੇ ਹਾਲ ਹੀ ਵਿੱਚ ਘੁਸਪੈਠ ਦੀ ਅਸਫਲ ਕੋਸ਼ਿਸ਼ ਦੇ ਮੱਦੇਨਜ਼ਰ ਇੱਕ ਸਰਚ ਅਭਿਆਨ ਚਲਾਇਆ ਸੀ । ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੁਲਿਸ ਨੇ ਜੰਮੂ ਵਿੱਚ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਫਾਈਨਾਂਸ ਨੈਟਵਰਕ ਦਾ ਪਰਦਾਫਾਸ਼ ਕੀਤਾ ਸੀ ਅਤੇ ਛੇ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ। ਜੰਮੂ ਪੁਲਿਸ ਦਾ ਕਹਿਣਾ ਸੀ ਕਿ ਲਸ਼ਕਰ ਵਾਹਗਾ ਸਰਹੱਦ ਤੋਂ ਭਾਰਤ ਆਉਣ ਵਾਲੇ ਆਪਣੇ ਨਾਗਰਿਕਾਂ ਨੂੰ ਰਾਜ ਵਿੱਚ ਕੰਮ ਕਰ ਰਹੇ ਅੱਤਵਾਦੀਆਂ ਨੂੰ ਪੈਸੇ ਭੇਜਣ ਲਈ ਇਸਤੇਮਾਲ ਕਰਦਾ ਹੈ। ਉਨ੍ਹਾਂ ਦੱਸਿਆ ਕਿ ਜੰਮੂ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸਓਜੀ) ਨੇ ਇਹ ਗ੍ਰਿਫਤਾਰੀਆਂ ਕੀਤੀਆਂ ਸਨ। ਲਸ਼ਕਰ-ਏ-ਤੋਇਬਾ ਦੇ ਛੇ ਅੱਤਵਾਦੀ ਐਸਓਜੀ ਨੇ ਗ੍ਰਿਫਤਾਰ ਕੀਤੇ ਹਨ, ਜੋ ਜੰਮੂ-ਕਸ਼ਮੀਰ ਵਿੱਚ ਸਰਗਰਮ ਆਪਣੇ ਅੱਤਵਾਦੀਆਂ ਨੂੰ ਪਾਕਿਸਤਾਨ ਤੋਂ ਆਏ ਪੈਸੇ ਭੇਜਦੇ ਸਨ।