Hyderabad heavy rainfall: ਹੈਦਰਾਬਾਦ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ । ਇਸ ਵਿੱਚੋਂ 9 ਲੋਕਾਂ ਦੀ ਮੌਤ ਤਾਂ ਬਦਲਾਗੁਡਾ ਦੇ ਮੁਹੰਮਦਿਆ ਹਿਲਸ ਵਿੱਚ ਕੰਧ ਡਿੱਗਣ ਕਾਰਨ ਹੋਈ ਹੈ । ਸੜਕਾਂ ਪਾਣੀ ਨਾਲ ਭਰੀਆਂ ਹਨ ਅਤੇ ਕੁਝ ਨੀਵੇਂ ਖੇਤਰ ਪੂਰੀ ਤਰ੍ਹਾਂ ਡੁੱਬ ਗਏ ਹਨ। ਬਾਰਿਸ਼ ਨੇ ਰਾਜ ਸਰਕਾਰ ਦੇ ਸਾਰੇ ਦਾਅਵਿਆਂ ਨੂੰ ਨੰਗਾ ਕਰ ਦਿੱਤਾ ਹੈ । ਹੈਦਰਾਬਾਦ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਕਿਹਾ ਕਿ ਭਾਰੀ ਬਾਰਿਸ਼ ਕਾਰਨ ਬੰਦਲਾਗੁਡਾ ਦੇ ਮੁਹੰਮਦਿਆ ਹਿਲਸ ਵਿੱਚ ਇੱਕ ਕੰਧ ਡਿੱਗਣ ਨਾਲ 9 ਲੋਕਾਂ ਦੀ ਮੌਤ ਹੋ ਗਈ । ਉਨ੍ਹਾਂ ਕਿਹਾ ਕਿ ਪ੍ਰਾਈਵੇਟ ਬਾਊਂਡਰੀ ਦੀ ਕੰਧ ਡਿੱਗਣ ਨਾਲ 9 ਵਿਅਕਤੀਆਂ ਦੀ ਮੌਤ ਹੋ ਗਈ ਅਤੇ 2 ਜ਼ਖਮੀ ਹੋ ਗਏ ।
ਇੱਕ ਵੱਖਰੀ ਘਟਨਾ ਵਿੱਚ ਇੱਕ 40 ਸਾਲਾਂ ਮਹਿਲਾ ਅਤੇ ਉਸਦੀ 15 ਸਾਲਾਂ ਬੇਟੀ ਦੀ ਮੌਤ ਹੋ ਗਈ । ਭਾਰੀ ਬਾਰਿਸ਼ ਕਾਰਨ ਮੰਗਲਵਾਰ ਨੂੰ ਇਬਰਾਹੀਮਪਟਨਮ ਖੇਤਰ ਵਿੱਚ ਉਨ੍ਹਾਂ ਦੇ ਪੁਰਾਣੇ ਘਰ ਦੀ ਛੱਤ ਡਿੱਗ ਗਈ ਸੀ । ਮੰਗਲਵਾਰ ਤੋਂ ਤੇਲੰਗਾਨਾ ਦੇ ਕਈ ਇਲਾਕਿਆਂ ਵਿੱਚ ਬਾਰਿਸ਼ ਹੋ ਰਹੀ ਹੈ। ਇਸ ਕਾਰਨ ਲੋਕਾਂ ਦਾ ਜੀਉਣਾ ਮੁਸ਼ਕਿਲ ਹੋ ਗਿਆ ਹੈ। ਹੈਦਰਾਬਾਦ ਦੇ ਬਹੁਤ ਸਾਰੇ ਇਲਾਕੇ ਡੁੱਬ ਗਏ ਹਨ।
ਭਾਰੀ ਬਾਰਿਸ਼ ਕਾਰਨ ਹੈਦਰਾਬਾਦ ਦਾ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਅਟਾਪੁਰ ਮੇਨ ਰੋਡ, ਮੁਸ਼ੀਰਾਬਾਦ, ਟੋਲੀ ਚੌਕੀ ਖੇਤਰ ਅਤੇ ਦਮਿਗੁਡਾ ਸਮੇਤ ਕਈ ਇਲਾਕੇ ਪਾਣੀ ਵਿੱਚ ਡੁੱਬ ਗਏ । ਸੜਕਾਂ ‘ਤੇ ਪਾਣੀ ਭਰ ਜਾਣ ਕਾਰਨ ਲੋਕ ਘਰਾਂ ਵਿੱਚ ਕੈਦ ਹੋ ਗਏ ਹਨ। ਟ੍ਰੈਫਿਕ ਸੇਵਾ ਵੀ ਠੱਪ ਹੋ ਗਈ ਹੈ। ਨੀਵੇਂ ਇਲਾਕਿਆਂ ਵਿੱਚ ਘਰਾਂ ਦੇ ਅੰਦਰ ਪਾਣੀ ਭਰ ਗਿਆ । NDRF ਦੀ ਟੀਮ ਬਚਾਅ ਕਾਰਜ ਵਿਚ ਲੱਗੀ ਹੋਈ ਹੈ।
ਇਸ ਸਬੰਧੀ ਤੇਲੰਗਾਨਾ ਦੇ ਮੁੱਖ ਸਕੱਤਰ ਸੋਮੇਸ਼ ਕੁਮਾਰ ਨੇ ਦੱਸਿਆ ਕਿ ਹੈਦਰਾਬਾਦ ਵਿੱਚ ਪਿਛਲੇ 24 ਘੰਟਿਆਂ ਵਿੱਚ 20 ਸੈਮੀ ਬਾਰਿਸ਼ ਹੋਈ ਹੈ। ਐਲਬੀ ਨਗਰ ਵਿੱਚ 24 ਘੰਟਿਆਂ ਵਿੱਚ 25 ਸੈਂਟੀਮੀਟਰ ਬਾਰਿਸ਼ ਹੋਈ। ਮੁੱਖ ਮੰਤਰੀ ਚੰਦਰਸ਼ੇਖਰ ਰਾਓ ਨੇ ਹੈਦਰਾਬਾਦ ਸਮੇਤ ਹੋਰਨਾਂ ਸ਼ਹਿਰਾਂ ਵਿੱਚ ਬਾਰਿਸ਼ ਤੋਂ ਬਾਅਦ ਦੀ ਸਥਿਤੀ ਬਾਰੇ ਰਿਪੋਰਟ ਮੰਗੀ ਹੈ । ਇਸ ਦੇ ਨਾਲ ਹੀ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚੌਕਸ ਰਹਿਣ ਦੇ ਆਦੇਸ਼ ਦਿੱਤੇ ਗਏ ਹਨ।