hyderabad rain asaduddin owaisi: ਤੇਲੰਗਾਨਾ ਵਿੱਚ ਪਿੱਛਲੇ 24 ਘੰਟਿਆਂ ਤੋਂ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਹੁਣ ਸਥਿਤੀ ਬੇਕਾਬੂ ਹੁੰਦੀ ਦਿੱਖ ਰਹੀ ਹੈ। ਹੁਣ ਤੱਕ ਹੈਦਰਾਬਾਦ ਵਿੱਚ ਹੀ ਮੀਂਹ ਕਾਰਨ 11 ਮੌਤਾਂ ਹੋ ਚੁੱਕੀਆਂ ਹਨ। ਸ਼ਹਿਰ ਦੇ ਬਹੁਤ ਸਾਰੇ ਖੇਤਰ ਪਾਣੀ ਨਾਲ ਭਰੇ ਹੋਏ ਹਨ, ਇਸ ਲਈ ਕੁੱਝ ਥਾਵਾਂ ‘ਤੇ ਕੰਧ ਢਹਿਣ ਦੀ ਘਟਨਾ ਵੀ ਸਾਹਮਣੇ ਆਈ ਹੈ। ਇਸ ਦੌਰਾਨ ਸਥਾਨਕ ਸੰਸਦ ਮੈਂਬਰ ਅਤੇ ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਵੀ ਮੋਰਚਾ ਸੰਭਾਲ ਲਿਆ ਹੈ। ਅਸਦੁਦੀਨ ਓਵੈਸੀ ਅਤੇ ਉਸ ਦਾ ਭਰਾ ਅਕਬਰੂਦੀਨ ਓਵੈਸੀ ਮੀਂਹ ਨਾਲ ਜੂਝਦੇ ਹੋਏ ਹੈਦਰਾਬਾਦ ਵਿੱਚ ਸਾਰੀ ਰਾਤ ਵੱਖ-ਵੱਖ ਇਲਾਕਿਆਂ ਵਿੱਚ ਗਏ। ਜਿੱਥੇ ਲੋਕਾਂ ਦਾ ਹਾਲ ਚਾਲ ਪੁੱਛਿਆ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ। ਅਸਦੁਦੀਨ ਓਵੈਸੀ ਨੇ ਵੀ ਮੀਂਹ ਬਾਰੇ ਕੱਲ੍ਹ ਰਾਤ ਕਈ ਟਵੀਟ ਕੀਤੇ ਅਤੇ ਮਦਦ ਨਾਲ ਜੁੜੀ ਜਾਣਕਾਰੀ ਸਾਂਝੀ ਕੀਤੀ। ਅਸਦੁਦੀਨ ਓਵੈਸੀ ਨੇ ਇੱਕ ਟਵੀਟ ਵਿੱਚ ਲਿਖਿਆ ਕਿ ਉਹ ਨਦੀਮ ਕਲੋਨੀ ਦੇ ਖੇਤਰ ਵਿੱਚ ਹੈ, ਜਿੱਥੇ 170 ਘਰਾਂ ਵਿੱਚੋਂ 600 ਲੋਕਾਂ ਨੂੰ ਕਿਸ਼ਤੀਆਂ ਦੀ ਵਰਤੋਂ ਕਰਕੇ ਬਾਹਰ ਕੱਢਿਆ ਗਿਆ ਹੈ। ਸਾਰੇ ਲੋਕਾਂ ਨੂੰ ਓਵੈਸੀ ਕਮਿਉਨਿਟੀ ਹਾਲ, ਸਕੂਲ ਅਤੇ ਮਸਜਿਦ ਵਰਗੇ ਸਥਾਨਾਂ ‘ਤੇ ਲਿਜਾਇਆ ਗਿਆ।
ਤੁਹਾਨੂੰ ਦੱਸ ਦੇਈਏ ਕਿ ਹੈਦਰਾਬਾਦ ਸਮੇਤ ਆਸ ਪਾਸ ਦੇ ਇਲਾਕਿਆਂ ਵਿੱਚ ਰਿਕਾਰਡ ਬਾਰਿਸ਼ ਹੋ ਰਹੀ ਹੈ। ਤੇਲੰਗਾਨਾ ਦੇ ਮੁੱਖ ਸਕੱਤਰ ਸੋਮਸ਼ ਕੁਮਾਰ ਨੇ ਕਿਹਾ ਕਿ ਹੈਦਰਾਬਾਦ ਵਿੱਚ ਪਿੱਛਲੇ 24 ਘੰਟਿਆਂ ਵਿੱਚ 20 ਸੈਮੀ ਮੀਂਹ ਪਿਆ ਹੈ। ਐਲ ਬੀ ਨਗਰ ਵਿੱਚ 24 ਘੰਟਿਆਂ ‘ਚ 25 ਸੈਂਟੀਮੀਟਰ ਬਾਰਿਸ਼ ਹੋਈ ਹੈ। ਮੁੱਖ ਮੰਤਰੀ ਚੰਦਰਸ਼ੇਖਰ ਰਾਓ ਨੇ ਹੈਦਰਾਬਾਦ ਸਮੇਤ ਹੋਰਨਾਂ ਸ਼ਹਿਰਾਂ ਵਿੱਚ ਮੀਂਹ ਤੋਂ ਬਾਅਦ ਦੀ ਸਥਿਤੀ ਬਾਰੇ ਰਿਪੋਰਟ ਮੰਗੀ ਹੈ। ਇਸ ਦੇ ਨਾਲ ਹੀ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚੌਕਸ ਰਹਿਣ ਦੇ ਆਦੇਸ਼ ਦਿੱਤੇ ਗਏ ਹਨ। ਓਸਮਾਨਿਆ ਯੂਨੀਵਰਸਿਟੀ ਅਤੇ ਜਵਾਹਰ ਲਾਲ ਨਹਿਰੂ ਤਕਨੀਕੀ ਯੂਨੀਵਰਸਿਟੀ ਨੇ ਲਗਾਤਾਰ ਮੀਂਹ ਪੈਣ ਕਾਰਨ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ। ਯੂਨੀਵਰਸਿਟੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹੁਣ ਪ੍ਰੀਖਿਆ ਅਗਲੀ ਤਰੀਕ ਨੂੰ ਹੋਵੇਗੀ।