IAF Rafale fighters arrive: ਭਾਰਤੀ ਹਵਾਈ ਸੈਨਾ ਦੀ ਤਾਕਤ ਅੱਜ ਕਈ ਗੁਣਾ ਵਧਣ ਜਾ ਰਹੀ ਹੈ। ਕਾਫ਼ੀ ਲੰਬੇ ਸਮੇਂ ਤੋਂ ਜਿਸ ਲੜਾਕੂ ਜਹਾਜ਼ ਦਾ ਇੰਤਜ਼ਾਰ ਸੀ, ਉਹ ਰਾਫੇਲ ਜਹਾਜ਼ ਅੱਜ ਭਾਰਤ ਪਹੁੰਚ ਰਿਹਾ ਹੈ। ਭਾਰਤ ਅਤੇ ਫਰਾਂਸ ਵਿਚਾਲੇ ਹੋਏ ਸੌਦੇ ਤਹਿਤ ਰਾਫੇਲ ਲੜਾਕੂ ਜਹਾਜ਼ਾਂ ਦੀ ਪਹਿਲੀ ਖੇਪ ਅੱਜ ਭਾਰਤ ਦੇ ਅੰਬਾਲਾ ਪਹੁੰਚੇਗੀ। ਪਹਿਲੇ ਖੇਪ ਵਿੱਚ ਕੁੱਲ ਪੰਜ ਲੜਾਕੂ ਜਹਾਜ਼ ਹੋਣਗੇ, ਜਿਨ੍ਹਾਂ ਨੂੰ ਰਿਸੀਵ ਕਰਨ ਲਈ ਖੁਦ ਏਅਰ ਚੀਫ ਮਾਰਸ਼ਲ ਆਰਕੇਐਸ ਭਦੌਰੀਆ ਮੌਜੂਦ ਹੋਣਗੇ।
ਦਰਅਸਲ, ਰਾਫੇਲ ਜਹਾਜ਼ ਨੂੰ ਹਵਾਈ ਸੈਨਾ ਦੇ ਗੋਲਡਨ ਐਰੋ 17 ਸਕੁਐਡਰਨ ਵਿੱਚ ਸ਼ਾਮਿਲ ਕੀਤਾ ਜਾਵੇਗਾ। ਇਸ ਨੇ ਕਾਰਗਿਲ ਯੁੱਧ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਈ ਸੀ ਅਤੇ ਇਹ ਭਾਰਤ ਦੇ ਸਭ ਤੋਂ ਪੁਰਾਣੇ ਸਕੁਐਡਰਾਂ ਵਿਚੋਂ ਇੱਕ ਹੈ। ਚੀਨ ਨਾਲ ਜਾਰੀ ਤਣਾਅ ਵਿਚਾਲੇ ਅੱਜ ਭਾਰਤ ਨੂੰ ਸ਼ਕਤੀਸ਼ਾਲੀ ਲੜਾਕੂ ਜਹਾਜ਼ ਮਿਲ ਰਹੇ ਹਨ, ਜੋ ਉੱਤਰ ਭਾਰਤ ਦੇ ਬੇਸ ‘ਤੇ ਤਾਇਨਾਤ ਕੀਤੇ ਜਾ ਰਹੇ ਹਨ ਤਾਂ ਜੋ ਦੁਸ਼ਮਣ ਨੂੰ ਮੁਸ਼ਕਿਲ ਸਮੇਂ ਵਿੱਚ ਸਬਕ ਸਿਖਾਇਆ ਜਾ ਸਕੇ।
ਜ਼ਿਕਰਯੋਗ ਹੈ ਕਿ 27 ਜੁਲਾਈ ਨੂੰ ਫਰਾਂਸ ਦੇ ਮੈਰੀਨਾਕ ਬੇਸ ਤੋਂ 5 ਰਾਫੇਲ ਲੜਾਕੂ ਜਹਾਜ਼ ਭਾਰਤ ਲਈ ਰਵਾਨਾ ਹੋਏ ਸਨ। ਇਨ੍ਹਾਂ ਜਹਾਜ਼ਾਂ ਨੇ ਭਾਰਤੀ ਸਮੇਂ ਅਨੁਸਾਰ ਦੁਪਹਿਰ 12:30 ਵਜੇ ਉਡਾਣ ਭਰੀ ਅਤੇ 7 ਘੰਟੇ ਲਗਾਤਾਰ ਉਡਾਣ ਭਰਨ ਤੋਂ ਬਾਅਦ ਸ਼ਾਮ ਨੂੰ ਅਬੂ-ਧਾਬੀ ਨੇੜੇ ਅਲ-ਡਫਰਾ ਫ੍ਰੈਂਚ ਏਅਰਬੇਸ ਪਹੁੰਚੇ । ਅੱਜ ਯਾਨੀ 29 ਜੁਲਾਈ ਨੂੰ ਸਵੇਰੇ ਇਹ ਲੜਾਕੂ ਅਲ-ਦਾਫਰਾ ਏਅਰਬੇਸ ਤੋਂ ਅੰਬਾਲਾ ਲਈ ਰਵਾਨਾ ਹੋਣਗੇ ਅਤੇ ਜੇਕਰ ਮੌਸਮ ਚੰਗਾ ਰਿਹਾ ਤਾਂ ਦੁਪਹਿਰ ਤੋਂ ਬਾਅਦ ਕਿਸੇ ਵੀ ਸਮੇਂ ਇਹ ਪੰਜ ਲੜਾਕੂ ਜਹਾਜ਼ ਅੰਬਾਲਾ ਏਅਰ ਬੇਸ ‘ਤੇ ਲੈਂਡ ਕਰਨਗੇ ।
ਦੱਸ ਦੇਈਏ ਕਿ ਰਾਫੇਲ ਜਹਾਜ਼ ਅੱਜ ਦੁਪਹਿਰ ਭਾਰਤ ਪਹੁੰਚਣਗੇ, ਜਿਸ ਤੋਂ ਬਾਅਦ ਏਅਰਫੋਰਸ ਦੇ ਚੀਫ਼ ਦੀ ਹਾਜ਼ਰੀ ਵਿੱਚ ਉਨ੍ਹਾਂ ਨੂੰ ਰਿਸੀਵ ਕੀਤਾ ਜਾਵੇਗਾ। ਹਾਲਾਂਕਿ, ਇਹ ਹਵਾਈ ਸੈਨਾ ਵਿੱਚ ਅੰਤਮ ਸ਼ਾਮਿਲ ਨਹੀਂ ਹੋਵੇਗਾ, ਕਿਉਂਕਿ ਇਹ ਪ੍ਰਕਿਰਿਆ ਅਗਸਤ ਦੇ ਅਖੀਰ ਵਿੱਚ ਕੀਤੀ ਜਾਵੇਗੀ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮਹਿਮਾਨ ਵਜੋਂ ਸ਼ਾਮਿਲ ਹੋ ਸਕਦੇ ਹਨ ।