IMD forecasts moderate: ਦਿੱਲੀ ਵਾਸੀਆਂ ਨੂੰ ਇੱਕ ਵਾਰ ਫਿਰ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇੱਕ ਪਾਸੇ ਜਿੱਥੇ ਯਮੁਨਾ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ‘ਤੇ ਪਹੁੰਚ ਗਿਆ ਹੈ ਤਾਂ ਉੱਥੇ ਹੀ ਮੌਸਮ ਵਿਭਾਗ ਨੇ ਸ਼ਨੀਵਾਰ ਤੱਕ ਤੂਫਾਨ ਦੇ ਨਾਲ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ। ਵਿਭਾਗ ਦੀ ਭਵਿੱਖਬਾਣੀ ਅਨੁਸਾਰ ਭਾਰੀ ਬਾਰਿਸ਼ ਦਿੱਲੀ-ਐਨਸੀਆਰ ਵਿੱਚ ਕਈ ਥਾਵਾਂ ‘ਤੇ ਸੜਕਾਂ ਨੂੰ ਦਰਿਆ ਬਣਾ ਸਕਦੀ ਹੈ।
ਬੀਤੇ ਦਿਨ ਯਾਨੀ ਕਿ ਮੰਗਲਵਾਰ ਵੀ ਆਸਮਾਨ ਬੱਦਲਵਾਈ ਰਿਹਾ। ਜਿਸ ਤੋਂ ਬਾਅਦ ਮੌਸਮ ਵਿਭਾਗ (IMD) ਨੇ ਸ਼ਹਿਰ ਵਿੱਚ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ । ਮੌਸਮ ਵਿਭਾਗ ਅਨੁਸਾਰ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਤੋਂ ਘੱਟ ਰਹਿਣ ਦੀ ਉਮੀਦ ਹੈ । ਵਿਭਾਗ ਨੇ ਬੁੱਧਵਾਰ ਅਤੇ ਸ਼ਨੀਵਾਰ ਦੇ ਵਿਚਕਾਰ ਦਰਮਿਆਨੀ ਤੋਂ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ।
ਇਸ ਸਬੰਧੀ IMD ਦੇ ਖੇਤਰੀ ਭਵਿੱਖਬਾਣੀ ਕੇਂਦਰ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਨੇ ਕਿਹਾ ਕਿ ਮਾਨਸੂਨ ਦਾ ਧੁਰਾ ਉੱਤਰ ਵੱਲ ਵਧਣ ਦੀ ਸੰਭਾਵਨਾ ਹੈ ਅਤੇ ਮੰਗਲਵਾਰ ਸ਼ਾਮ ਤੋਂ ਸ਼ੁੱਕਰਵਾਰ ਤੱਕ ਉਹ ਦਿੱਲੀ-ਐਨਸੀਆਰ ਦੇ ਨੇੜੇ ਰਹੇਗਾ । ਇਸ ਦੇ ਕਾਰਨ ਅਰਬ ਸਾਗਰ ਤੋਂ ਆਉਣ ਵਾਲੀਆਂ ਦੱਖਣ-ਪੱਛਮ ਹਵਾਵਾਂ ਅਤੇ ਬੰਗਾਲ ਦੀ ਖਾੜੀ ਤੋਂ ਪੂਰਬੀ ਹਵਾਵਾਂ ਉੱਤਰ-ਪੱਛਮੀ ਭਾਰਤ ‘ਤੇ ਮਿਲ ਸਕਦੀਆਂ ਹਨ।
ਇਸ ਦੌਰਾਨ ਉੱਤਰ-ਪੱਛਮੀ ਭਾਰਤ ਵਿੱਚ ਵੱਖ-ਵੱਖ ਥਾਵਾਂ ‘ਤੇ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ, “ਬੁੱਧਵਾਰ ਦੀ ਰਾਤ ਤੋਂ ਸ਼ੁੱਕਰਵਾਰ ਦੁਪਹਿਰ ਤੱਕ ਤੂਫਾਨ ਦੇ ਨਾਲ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਅਤੇ ਕੁਝ ਥਾਵਾਂ ‘ਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।” ਹੁਣ ਤੱਕ ਦਿੱਲੀ ਵਿੱਚ ਅਗਸਤ ਵਿੱਚ 213.3 ਮਿਲੀਮੀਟਰ ਬਾਰਿਸ਼ ਹੋ ਚੁੱਕੀ ਹੈ, ਜੋ ਕਿ ਅਗਸਤ ਵਿੱਚ ਆਮ 210.6 ਮਿਲੀਮੀਟਰ ਬਾਰਿਸ਼ ਨਾਲੋਂ ਜ਼ਿਆਦਾ ਹੈ। ਰਾਸ਼ਟਰੀ ਰਾਜਧਾਨੀ ਵਿੱਚ ਮੌਨਸੂਨ ਦੇ ਸੀਜ਼ਨ ਯਾਨੀ 1 ਜੂਨ ਦੀ ਸ਼ੁਰੂਆਤ ਤੋਂ ਹੁਣ ਤੱਕ 531.9 ਮਿਲੀਮੀਟਰ ਬਾਰਿਸ਼ ਹੋਈ ਹੈ, ਜੋ ਇਸ ਸਮੇਂ ਦੌਰਾਨ ਆਮ 486.7 ਮਿਲੀਮੀਟਰ ਬਾਰਿਸ਼ ਨਾਲੋਂ ਜ਼ਿਆਦਾ ਹੈ।