ਪੱਛਮੀ ਗੜਬੜੀ ਕਾਰਨ ਵੀਰਵਾਰ ਨੂੰ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਉੱਤਰ ਪ੍ਰਦੇਸ਼ ਸਣੇ ਹੋਰ ਰਾਜਾਂ ਵਿੱਚ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ । ਇਸ ਸਬੰਧੀ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕਰਕੇ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ । ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਤੇ ਦਿਨ ਭਰ ਬੱਦਲ ਛਾਏ ਰਹਿਣਗੇ । ਵਿਭਾਗ ਨੇ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ, ਜਿਸ ਕਾਰਨ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 13 ਡਿਗਰੀ ਸੈਲਸੀਅਸ ਤੱਕ ਜਾ ਸਕਦਾ ਹੈ।
ਇਸ ਦੇ ਨਾਲ ਹੀ ਦਿੱਲੀ-ਐਨਸੀਆਰ ਵਿੱਚ ਸਵੇਰ ਤੋਂ ਹੀ ਤੇਜ਼ ਹਵਾਵਾਂ ਦੇ ਨਾਲ ਬਾਰਿਸ਼ ਦਾ ਸਿਲਸਿਲਾ ਜਾਰੀ ਹੈ । ਮੌਸਮ ਵਿਭਾਗ ਨੇ ਅਗਲੇ ਦੋ ਘੰਟਿਆਂ ਦੌਰਾਨ ਦਿੱਲੀ-ਐਨਸੀਆਰ ਦੇ ਵੱਖ-ਵੱਖ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਗਰਜ ਨਾਲ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਹੈ । ਇਸ ਦੌਰਾਨ 20-30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ।
ਇਹ ਵੀ ਪੜ੍ਹੋ: ਪੰਜਾਬ ‘ਚ ਅੱਜ ਪੈ ਸਕਦਾ ਹੈ ਮੀਂਹ, 4 ਅਤੇ 5 ਫਰਵਰੀ ਨੂੰ ਸੰਘਣੀ ਧੁੰਦ ਪੈਣ ਦੀ ਚਿਤਾਵਨੀ
ਮੌਸਮ ਵਿਭਾਗ ਵੱਲੋਂ ਹਿਮਾਚਲ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਅਤੇ ਬਰਫਬਾਰੀ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਸ਼ਿਮਲਾ, ਕੁਫਰੀ, ਨਾਰਕੰਡਾ, ਖੜਾਪੱਥਰ ਵਿੱਚ ਬਰਫਬਾਰੀ ਅਤੇ ਮੀਂਹ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ । ਮੌਸਮ ਵਿਭਾਗ ਨੇ ਚੰਬਾ, ਸਪਿਤੀ, ਕੁੱਲੂ, ਸ਼ਿਮਲਾ ਸਮੇਤ ਹਿਮਾਚਲ ਪ੍ਰਦੇਸ਼ ਦੇ ਉਚਾਈ ਵਾਲੇ ਇਲਾਕਿਆਂ ਵਿੱਚ ਭਾਰੀ ਬਰਫਬਾਰੀ ਅਤੇ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 48 ਘੰਟਿਆਂ ਵਿੱਚ ਭਾਰੀ ਬਰਫਬਾਰੀ ਨਾਲ ਕੜਾਕੇ ਦੀ ਠੰਡ ਪਵੇਗੀ । ਮੌਸਮ ਵਿਭਾਗ ਦਾ ਕਹਿਣਾ ਹੈ ਕਿ 4 ਫਰਵਰੀ ਨੂੰ ਵੀ ਪੂਰੇ ਸੂਬੇ ਵਿੱਚ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ।
ਦੱਸ ਦੇਈਏ ਕਿ ਇਸ ਤੋਂ ਇਲਾਵਾ ਮੌਸਮ ਵਿਭਾਗ ਵੱਲੋਂ ਇਸ ਦੇ ਨਾਲ ਹੀ ਉੱਤਰਾਖੰਡ ਵਿੱਚ 48 ਘੰਟਿਆਂ ਲਈ ਭਾਰੀ ਮੀਂਹ ਅਤੇ ਬਰਫ਼ਬਾਰੀ ਦਾ ਅਲਰਟ ਜਾਰੀ ਕੀਤਾ ਗਿਆ ਹੈ। ਖਾਸ ਤੌਰ ‘ਤੇ ਗੜ੍ਹਵਾਲ ਅਤੇ ਕੁਮਾਉਂ ਦੇ ਪਹਾੜੀ ਜ਼ਿਲ੍ਹਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ । ਪੱਛਮੀ ਗੜਬੜੀ ਕਾਰਨ ਦੇਹਰਾਦੂਨ, ਹਰਿਦੁਆਰ, ਪੌੜੀ ਅਤੇ ਟਿਹਰੀ ਵਰਗੇ ਜ਼ਿਲ੍ਹਿਆਂ ਵਿੱਚ ਮੀਂਹ ਦੇ ਨਾਲ-ਨਾਲ ਗੜ੍ਹੇਮਾਰੀ ਦੀ ਸੰਭਾਵਨਾ ਹੈ।
ਵੀਡੀਓ ਲਈ ਕਲਿੱਕ ਕਰੋ -: