IMD Rain Prediction: ਨਵੀਂ ਦਿੱਲੀ: ਮੌਨਸੂਨ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋ ਰਹੀ ਬਾਰਿਸ਼ ਕਈ ਇਲਾਕਿਆਂ ਵਿੱਚ ਹੜ੍ਹਾਂ ਦਾ ਕਾਰਨ ਬਣ ਰਹੀ ਹੈ। ਵੱਖ-ਵੱਖ ਰਾਜਾਂ ਵਿੱਚ ਰੁਕ-ਰੁਕ ਕੇ ਬਾਰਿਸ਼ ਹੋ ਰਹੀ ਹੈ। ਉੱਥੇ ਹੀ ਦੂਜੇ ਪਾਸੇ ਮੌਸਮ ਵਿਭਾਗ (IMD) ਨੇ ਵੀਰਵਾਰ ਨੂੰ ਦਿੱਲੀ, ਰਾਜਸਥਾਨ, ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ। ਬੁੱਧਵਾਰ ਨੂੰ ਰਾਜਸਥਾਨ ਦੇ ਕਈ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦਰਜ ਕੀਤੀ ਗਈ । ਇਸ ਦੇ ਨਾਲ ਹੀ ਦਿੱਲੀ ਵਿੱਚ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਰਿਹਾ।
ਮੌਸਮ ਵਿਭਾਗ ਅਨੁਸਾਰ ਅਗਲੇ ਪੰਜ ਦਿਨਾਂ ਤੱਕ ਦਿੱਲੀ ਵਿੱਚ ਬਾਰਿਸ਼ ਦਾ ਦੌਰ ਜਾਰੀ ਰਹੇਗਾ ਅਤੇ ਵੀਰਵਾਰ ਨੂੰ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ ਇਸ ਸਾਲ ਅਗਸਤ ਵਿੱਚ ਦਿੱਲੀ ਵਿੱਚ 237 ਮਿਲੀਮੀਟਰ ਬਾਰਿਸ਼ ਹੋਈ, ਜੋ ਪਿਛਲੇ ਸੱਤ ਸਾਲਾਂ ਵਿੱਚ ਇਸ ਮਹੀਨੇ ਦੀ ਸਭ ਤੋਂ ਵੱਧ ਬਾਰਿਸ਼ ਹੈ।
ਇਸ ਸਬੰਧੀ IMD ਦੇ ਡਾਇਰੈਕਟਰ ਜਨਰਲ ਡਾ. ਮਹਾਪਾਤਰ ਨੇ ਕਿਹਾ, “ਮੌਨਸੂਨ ਦੇ ਸਬੰਧ ਵਿੱਚ ਹੁਣ ਤੱਕ ਦੀ ਭਵਿੱਖਬਾਣੀ ਸਹੀ ਸਾਬਤ ਹੋਈ ਹੈ ਅਤੇ ਦੇਸ਼ ਭਰ ਵਿੱਚ ਮਾਨਸੂਨ ਦੀ ਵੰਡ ਬਿਹਤਰ ਅਤੇ ਇਕਸਾਰ ਰਹੀ ਹੈ। ਅਗਸਤ ਦੇ ਮਹੀਨੇ ਵਿੱਚ ਤੇਜ਼ ਬਾਰਿਸ਼ ਹੋਈ, ਪਰ ਸਤੰਬਰ ਵਿੱਚ ਮਾਨਸੂਨ ਦੀ ਰਫਤਾਰ ਅਗਲੇ ਮਹੀਨੇ ਹੌਲੀ-ਹੌਲੀ ਕਮਜ਼ੋਰ ਹੋ ਸਕਦਾ ਹੈ, ਪਰ ਉਨ੍ਹਾਂ ਇਲਾਕਿਆਂ ਵਿਚ ਜਿੱਥੇ ਘੱਟ ਬਾਰਿਸ਼ ਹੋਈ ਹੈ, ਉੱਥੇ ਬਾਰਿਸ਼ ਦੀ ਗਤੀਵਿਧੀ ਵਧ ਸਕਦੀ ਹੈ।”
ਦੱਸ ਦੇਈਏ ਕਿ ਰਾਜਸਥਾਨ ਵਿੱਚ ਮੌਨਸੂਨ ਦੀ ਬਾਰਿਸ਼ ਦਾ ਦੌਰ ਜਾਰੀ ਹੈ ਅਤੇ ਰਾਜ ਭਰ ਵਿੱਚ ਹਲਕੇ ਤੋਂ ਭਾਰੀ ਬਾਰਿਸ਼ ਹੋ ਰਹੀ ਹੈ। ਜੈਸਲਮੇਰ ਵਿੱਚ ਸੱਤ ਸੈਂਟੀਮੀਟਰ, ਜੋਧਪੁਰ ਦੇ ਸ਼ੇਰਗੜ ਵਿੱਚ ਸੱਤ ਸੈਂਟੀਮੀਟਰ, ਬਾੜਮੇਰ ਦੇ ਸ਼ਿਵ ਵਿੱਚ ਪੰਜ ਸੈਂਟੀਮੀਟਰ, ਜਲੌਰ ਦੇ ਭਿੰਮਲ ਵਿੱਚ ਚਾਰ ਸੈਂਟੀਮੀਟਰ, ਸਿਰੋਹੀ ਦੇ ਮਾਉਂਟ ਆਬੂ ਵਿੱਚ ਚਾਰ ਸੈਂਟੀਮੀਟਰ, ਬਾਰਨ ਦੇ ਚਿਪਾਬਰੋਟ ਵਿੱਚ ਤਿੰਨ ਸੈਂਟੀਮੀਟਰ ਬਾਰਿਸ਼ ਹੋਈ। ਕਈ ਹੋਰ ਥਾਵਾਂ ‘ਤੇ ਇੱਕ ਸੈਂਟੀਮੀਟਰ ਜਾਂ ਜ਼ਿਆਦਾ ਬਾਰਿਸ਼ ਹੋਈ।