India China border tension: ਲੱਦਾਖ ਸਰਹੱਦ ‘ਤੇ ਤਣਾਅ ਨੂੰ ਘੱਟ ਕਰਨ ਲਈ ਭਾਰਤੀ ਫੌਜ ਅਤੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਵਿਚਕਾਰ ਅੱਜ ਗੱਲਬਾਤ ਹੋਵੇਗੀ. ਚੀਨੀ ਫੌਜ ਦੀ ਬੇਨਤੀ ‘ਤੇ ਕੋਰ ਕਮਾਂਡਰ ਪੱਧਰ ਦੀ ਇੱਕ ਬੈਠਕ ਹੋਵੇਗੀ। ਇਹ ਮੁਲਾਕਾਤ ਮੋਲਡੋ ਖੇਤਰ (ਚੀਨ ਵੱਲ) ਅਤੇ ਚੁਸ਼ੂਲ (ਭਾਰਤ ਵੱਲ) ਸੱਦੀ ਗਈ ਹੈ । ਇਹ ਬੈਠਕ ਉਸੀ ਜਗ੍ਹਾ ‘ਤੇ ਹੋਣ ਜਾ ਰਹੀ ਹੈ ਜਿੱਥੇ ਦੋਵਾਂ ਦੇਸ਼ਾਂ ਵਿਚਾਲੇ 6 ਜੂਨ ਨੂੰ ਬੈਠਕ ਹੋਈ ਸੀ।
ਦਰਅਸਲ, ਕੋਰ ਕਮਾਂਡਰ ਪੱਧਰ ਦੀ ਇਸ ਗੱਲਬਾਤ ਵਿੱਚ ਭਾਰਤ ਵੱਲੋਂ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਅਤੇ ਚੀਨ ਵੱਲੋਂ ਦੱਖਣੀ ਸਿਨਜਿਆਂਗ ਮਿਲਟਰੀ ਡਿਸਟ੍ਰਿਕਟ ਦੇ ਚੀਫ਼ ਮੇਜਰ ਜਨਰਲ ਲਿਊ ਲਿਨ ਹਿੱਸਾ ਲੈਣਗੇ। ਇਸ ਮੁਲਾਕਾਤ ਦਾ ਉਦੇਸ਼ ਪਹਿਲਾਂ ਵਾਲੀ ਸਥਿਤੀ ਨੂੰ ਦੁਬਾਰਾ ਬਣਾਉਣਾ, ਗਲਵਾਨ ਵਰਗੀਆਂ ਖੂਨੀ ਝੜਪਾਂ ਦੀਆਂ ਘਟਨਾਵਾਂ ਨਾ ਹੋਣ ਅਤੇ 6 ਜੂਨ ਨੂੰ ਦੋਵਾਂ ਦੇਸ਼ਾਂ ਦਰਮਿਆਨ ਹੋਏ ਸਮਝੌਤੇ ‘ਤੇ ਗੱਲਬਾਤ ਹੈ ।
ਦੱਸ ਦੇਈਏ ਕਿ ਇਸ ਦੌਰਾਨ ਗਲਵਾਨ ਘਾਟੀ ਵਿੱਚ ਤਣਾਅ ਜਾਰੀ ਹੈ। 15 ਜੂਨ ਤੋਂ ਕਿਸੇ ਵੀ ਪਾਸੇ ਕਿਸੇ ਵੀ ਤਰ੍ਹਾਂ ਦੀ ਝੜਪ ਹੋਣ ਦੀ ਖ਼ਬਰ ਨਹੀਂ ਹੈ, ਪਰ ਦੋਵਾਂ ਪਾਸਿਆਂ ਤੋਂ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਦੋਵਾਂ ਪਾਸਿਆਂ ਤੋਂ ਤਣਾਅ ਖ਼ਤਮ ਕਰਨ ਲਈ ਫੌਜੀ ਅਧਿਕਾਰੀਆਂ ਵਿਚਕਾਰ ਗੱਲਬਾਤ ਚੱਲ ਰਹੀ ਹੈ । ਅੱਜ ਵੀ ਦੋਵਾਂ ਦੇਸ਼ਾਂ ਦੇ ਸੈਨਿਕ ਅਧਿਕਾਰੀਆਂ ਵਿਚਕਾਰ ਗੱਲਬਾਤ ਹੋਵੇਗੀ ।
ਜ਼ਿਕਰਯੋਗ ਹੈ ਕਿ ਲੱਦਾਖ ਵਿੱਚ LAC ‘ਤੇ ਗਲਵਾਨ ਘਾਟੀ ਵਿੱਚ ਭਾਰਤੀ ਅਤੇ ਚੀਨੀ ਫੌਜਾਂ ਵਿਚਾਲੇ ਹਿੰਸਕ ਝੜਪ ਹੋਈ ਸੀ । ਇਸ ਵਿੱਚ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ, ਜਦੋਂਕਿ ਚੀਨ ਦੇ ਵੀ ਬਹੁਤ ਸਾਰੇ ਸੈਨਿਕ ਮਾਰੇ ਗਏ । ਹਾਲਾਂਕਿ ਚੀਨ ਨੇ ਮਾਰੇ ਗਏ ਆਪਣੇ ਸੈਨਿਕਾਂ ਦੀ ਗਿਣਤੀ ਬਾਰੇ ਕੋਈ ਜਨਤਕ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।