India China Chushul meet: ਭਾਰਤ ਅਤੇ ਚੀਨ ਵਿਚਾਲੇ ਲੱਦਾਖ ਸਰਹੱਦ ‘ਤੇ ਜਾਰੀ ਤਣਾਅ ਅਜੇ ਖਤਮ ਨਹੀਂ ਹੋਇਆ ਹੈ। ਦੋਵਾਂ ਦੇਸ਼ਾਂ ਦੀਆਂ ਫੌਜਾਂ ਸਰਹੱਦ ‘ਤੇ ਤਾਇਨਾਤ ਹਨ ਅਤੇ ਇੱਕ ਦੂਜੇ ਦਾ ਸਾਹਮਣਾ ਕਰ ਰਹੀਆਂ ਹਨ। ਇਸ ਦੌਰਾਨ ਅੱਜ ਲੰਬੇ ਸਮੇਂ ਬਾਅਦ ਦੋਵੇਂ ਦੇਸ਼ਾਂ ਦੇ ਫੌਜ ਅਧਿਕਾਰੀ ਟੇਬਲ ‘ਤੇ ਹੋਣਗੇ। 12 ਅਕਤੂਬਰ ਯਾਨੀ ਕਿ ਅੱਜ ਭਾਰਤ ਅਤੇ ਚੀਨ ਵਿਚਾਲੇ ਗੱਲਬਾਤ ਦਾ ਸੱਤਵਾਂ ਦੌਰ ਸ਼ੁਰੂ ਹੋਵੇਗਾ, ਜਿਸ ਵਿੱਚ ਫ਼ੌਜ ਨੂੰ ਪਿੱਛੇ ਹਟਾਉਣ ‘ਤੇ ਮੰਥਨ ਹੋ ਸਕਦਾ ਹੈ। ਸੋਮਵਾਰ ਦੁਪਹਿਰ 12 ਵਜੇ ਪੂਰਬੀ ਖੇਤਰ ਦੇ ਚੁਸ਼ੂਲ ਖੇਤਰ ਵਿੱਚ ਦੋਵਾਂ ਫੌਜਾਂ ਵਿਚਾਲੇ ਇਹ ਗੱਲਬਾਤ ਹੋਵੇਗੀ।
ਦਰਅਸਲ, ਭਾਰਤ ਅਤੇ ਚੀਨ ਵਿਚਾਲੇ ਅੱਜ ਹੋਣ ਵਾਲੀ ਗੱਲਬਾਤ ਇਸ ਲਈ ਖਾਸ ਹੈ ਕਿਉਂਕਿ ਭਾਰਤ ਵੱਲੋਂ ਗੱਲ ਕਰਨ ਵਾਲੇ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਦੀ ਅਗਵਾਈ ਵਿੱਚ ਆਖ਼ਰੀ ਗੱਲਬਾਤ ਹੋਵੇਗੀ । ਇਸ ਬੈਠਕ ਵਿੱਚ ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ (ਪੂਰਬੀ ਏਸ਼ੀਆ) ਨਵੀਨ ਸ੍ਰੀਵਾਸਤਵੀ ਵੀ ਸ਼ਾਮਿਲ ਹੋਣਗੇ। ਨਾਲ ਹੀ, ਚੀਨ ਵੱਲੋਂ ਵੀ ਮਿਲਟਰੀ ਅਫਸਰਾਂ ਤੋਂ ਇਲਾਵਾ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਵੀ ਸ਼ਾਮਿਲ ਹੋ ਸਕਦੇ ਹਨ।
ਇਸ ਗੱਲਬਾਤ ਵਿੱਚ ਭਾਰਤ ਵੱਲੋਂ ਇਹ ਮੁੱਦਾ ਰੱਖਿਆ ਗਿਆ ਹੈ ਕਿ ਪੂਰੇ ਪੂਰਬੀ ਲੱਦਾਖ ਦੇ ਖੇਤਰ ਬਾਰੇ ਗੱਲ ਹੋਣੀ ਚਾਹੀਦੀ ਹੈ। ਜਿੱਥੇ ਚੀਨੀ ਫੌਜ ਦੇ ਜਵਾਨ ਤਾਇਨਾਤ ਹਨ ਅਤੇ ਉਨ੍ਹਾਂ ਨੂੰ ਪਿੱਛੇ ਹਟਾ ਦਿੱਤਾ ਜਾਣਾ ਚਾਹੀਦਾ ਹੈ। ਪਰ ਚੀਨ ਵੱਲੋਂ ਸਿਰਫ ਪੈਨਗੋਂਗ ਝੀਲ ਕਿਹਾ ਜਾ ਰਿਹਾ ਹੈ। ਭਾਰਤ ਵੱਲੋਂ ਇੱਕ ਵਾਰ ਫਿਰ ਸਖਤੀ ਨਾਲ ਆਪਣੇ ਮੁੱਦਿਆਂ ਨੂੰ ਚੁੱਕਿਆ ਜਾਵੇਗਾ, ਨਾਲ ਹੀ ਪੰਜ ਮਹੀਨੇ ਪਹਿਲਾਂ ਦੀ ਸਥਿਤੀ ਨੂੰ ਵਾਪਸ ਲਿਆਉਣ ਦੀ ਗੱਲ ਕੀਤੀ ਜਾਵੇਗੀ।
ਦੱਸ ਦੇਈਏ ਕਿ ਪੂਰਬੀ ਲੱਦਾਖ ਦੇ ਆਸ-ਪਾਸ ਤਕਰੀਬਨ ਪੰਜਾਹ ਹਜ਼ਾਰ ਤੋਂ ਵੱਧ ਫੌਜੀ ਤਾਇਨਾਤ ਹਨ। ਅਪ੍ਰੈਲ-ਮਈ ਤੋਂ ਬਾਅਦ, ਇੱਥੇ ਫੌਜ ਦੀ ਗਿਣਤੀ ਲਗਾਤਾਰ ਵਧਦੀ ਗਈ ਹੈ। ਪਹਿਲਾਂ ਵੀ ਦੋਵਾਂ ਵਿਚਾਲੇ ਫੌਜ ਨੂੰ ਵਾਪਸ ਲੈਣ ਦੀ ਗੱਲ ਕੀਤੀ ਜਾ ਚੁੱਕੀ ਹੈ, ਪਰ ਅਜੇ ਤੱਕ ਇਸ ਨੂੰ ਲਾਗੂ ਨਹੀਂ ਕੀਤਾ ਗਿਆ ਹੈ ।