India China Corps Commander talks: ਲੱਦਾਖ ਸਰਹੱਦ ‘ਤੇ ਬੀਤੇ ਕਈ ਮਹੀਨਿਆਂ ਤੋਂ ਤਣਾਅ ਵਾਲੀ ਸਥਿਤੀ ਬਰਕਰਾਰ ਹੈ । ਭਾਰਤ ਅਤੇ ਚੀਨ ਵਿਚਾਲੇ ਲੰਬੇ ਸਮੇਂ ਬਾਅਦ ਇੱਕ ਵਾਰ ਫਿਰ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਹੋਈ । ਸੋਮਵਾਰ ਸਵੇਰੇ 9 ਵਜੇ ਲੱਦਾਖ ਸਰਹੱਦ ਨੇੜੇ ਮੋਲਡੋ ਵਿਖੇ ਸ਼ੁਰੂ ਹੋਈ ਇਹ ਚਰਚਾ ਰਾਤ ਕਰੀਬ 11.30 ਵਜੇ ਤੱਕ ਚੱਲੀ। ਬੈਠਕ ਵਿੱਚ ਦੋਵਾਂ ਦੇਸ਼ਾਂ ਦਾ ਪੱਖ ਮਜ਼ਬੂਤ ਰਿਹਾ।
ਦਰਅਸਲ, ਮੋਲਡੋ ਵਿੱਚ ਹੋਈ ਬੈਠਕ ਤੋਂ ਬਾਅਦ ਭਾਰਤੀ ਫੌਜ ਦੇ ਅਧਿਕਾਰੀ ਮੰਗਲਵਾਰ ਨੂੰ ਲੇਹ ਬੇਸ ਵਾਪਸ ਪਰਤਣਗੇ। ਭਾਰਤ ਵੱਲੋਂ ਚੀਨ ਨੂੰ ਕਈ ਵਾਰ ਸਪੱਸ਼ਟ ਸੰਦੇਸ਼ ਦਿੱਤਾ ਜਾ ਚੁੱਕਿਆ ਹੈ, ਜਿਸ ਵਿੱਚ ਭਾਰਤ ਨੇ ਚੀਨੀ ਫੌਜ ਨੂੰ ਸਰਹੱਦ ਤੋਂ ਪਿੱਛੇ ਹਟਣ ਲਈ ਕਿਹਾ ਹੈ । ਹਾਲਾਂਕਿ, ਚੀਨ ਅਜੇ ਵੀ ਅੜਿਆ ਹੈ।
ਦੋਵਾਂ ਦੇਸ਼ਾਂ ਨੇ ਬੈਠਕ ਦੌਰਾਨ ਆਪਣੇ ਨੁਕਤੇ ਰੱਖੇ ਅਤੇ ਨਾਲ ਹੀ ਕਿਸੇ ਵੀ ਤਰ੍ਹਾਂ ਦੇ ਵੱਡੇ ਤਣਾਅ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ । ਬੈਠਕ ਤੋਂ ਬਾਅਦ ਹੁਣ ਇੱਕ ਵਾਰ ਫਿਰ ਸੰਕੇਤ ਦੇਖੇ ਜਾ ਰਹੇ ਹਨ ਕਿ ਦੋਵੇਂ ਦੇਸ਼ਾਂ ਨੇ ਲੌਂਗ ਹਾਲ ਲਈ ਤਿਆਰੀ ਕਰ ਲਈ ਹੈ। ਜੇ ਅਜਿਹਾ ਹੁੰਦਾ ਹੈ, ਤਾਂ ਸਰਦੀਆਂ ਵਿੱਚ ਹਜ਼ਾਰਾਂ ਫੌਜੀਆਂ ਨੂੰ ਲੱਦਾਖ ਸਰਹੱਦ ‘ਤੇ ਤਾਇਨਾਤ ਕਰਨਾ ਪੈ ਸਕਦਾ ਹੈ।
ਦੱਸ ਦੇਈਏ ਕਿ ਭਾਰਤ ਵੱਲੋਂ ਫੌਜ ਤੋਂ ਲੈ ਕੇ ਸਰਕਾਰ ਤੱਕ ਨੇ ਇਹ ਸਪੱਸ਼ਟ ਕੀਤਾ ਹੈ ਕਿ ਉਹ ਚੀਨ ਨਾਲ ਇਸ ਮੁੱਦੇ ਨੂੰ ਸ਼ਾਂਤੀ ਨਾਲ ਹੱਲ ਕਰਨਾ ਚਾਹੁੰਦੇ ਹਨ । ਜੇ ਚੀਨ ਸਹਿਮਤ ਨਹੀਂ ਹੁੰਦਾ ਤਾਂ ਫ਼ੌਜ ਹਰ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ। ਇਸ ਮੁੱਦੇ ‘ਤੇ ਭਾਰਤ ਨੇ ਵੀ ਇਸ ਬੈਠਕ ਵਿੱਚ ਆਪਣੀ ਸਥਿਤੀ ਸਪੱਸ਼ਟ ਕੀਤੀ। ਗੌਰਤਲਬ ਹੈ ਕਿ ਭਾਰਤ ਅਤੇ ਚੀਨ ਵਿਚਾਲੇ ਤਣਾਅ ਮਈ ਵਿੱਚ ਸ਼ੁਰੂ ਹੋਇਆ ਸੀ, ਪਰ ਜੂਨ ਵਿੱਚ ਹਿੰਸਕ ਝੜਪਾਂ ਹੋਈਆਂ। ਜਿਸ ਤੋਂ ਬਾਅਦ ਅਗਸਤ ਵਿੱਚ ਚੀਨ ਨੇ ਫਿਰ ਤੋਂ ਘੁਸਪੈਠ ਦੀ ਕੋਸ਼ਿਸ਼ ਕੀਤੀ, ਪਰ ਅਸਫਲ ਰਿਹਾ। ਉਦੋਂ ਤੋਂ ਹੀ, ਭਾਰਤੀ ਫੌਜ ਸੁਚੇਤ ਅਤੇ ਸਖਤ ਹੋ ਗਈ ਹੈ।