India overtakes Russia: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਵਿਸ਼ਵ ਭਰ ਵਿੱਚ ਸਭ ਤੋਂ ਵੱਧ ਸੰਕਰਮਿਤ ਮਾਮਲਿਆਂ ਵਿੱਚ ਭਾਰਤ ਤੀਜੇ ਸਥਾਨ ‘ਤੇ ਪਹੁੰਚ ਗਿਆ ਹੈ। ਰੂਸ ਨੂੰ ਪਿੱਛੇ ਛੱਡ ਕੇ ਭਾਰਤ ਕੋਰੋਨਾ ਪੀੜਤਾਂ ਦੀ ਗਿਣਤੀ ਵਿੱਚ ਤੀਜੇ ਸਥਾਨ ‘ਤੇ ਆ ਗਿਆ ਹੈ । ਹਾਲਾਂਕਿ, ਇਸ ਮਾਮਲੇ ਵਿੱਚ ਅਮਰੀਕਾ ਅਤੇ ਬ੍ਰਾਜ਼ੀਲ ਅਜੇ ਵੀ ਭਾਰਤ ਤੋਂ ਅੱਗੇ ਹਨ। ਪਾਕਿਸਤਾਨ 12ਵੇਂ ਸਥਾਨ ‘ਤੇ ਹੈ।
ਵਰਲਡਮੀਟਰ ਅਨੁਸਾਰ ਭਾਰਤ ਵਿੱਚ ਇਸ ਸਮੇਂ 687,760 ਕੋਰੋਨਾ ਮਰੀਜ਼ ਹਨ, ਜਦੋਂ ਕਿ ਰੂਸ ਵਿੱਚ ਹੁਣ ਤੱਕ 681,251 ਸੰਕਰਮਿਤ ਮਾਮਲੇ ਸਾਹਮਣੇ ਆਏ ਹਨ । ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 13 ਹਜ਼ਾਰ ਤੋਂ ਵੱਧ ਕੇਸ ਦਰਜ ਕੀਤੇ ਗਏ ਹਨ। ਇਸ ਦੌਰਾਨ ਕੁੱਲ 13,856 ਕੇਸ ਦਰਜ ਕੀਤੇ ਗਏ ਸਨ, ਜਦੋਂ ਕਿ ਰੂਸ ਵਿੱਚ ਇਸ ਸਮੇਂ 681,251 ਮਾਮਲੇ ਹਨ, ਪਿਛਲੇ 24 ਘੰਟਿਆਂ ਵਿਚ 6,736 ਮਾਮਲੇ ਸਾਹਮਣੇ ਆਏ ਹਨ । ਤੀਜੇ ਸਥਾਨ ‘ਤੇ ਪਹੁੰਚਣ ਵਾਲੇ ਭਾਰਤ ਤੋਂ ਬਿਲਕੁਲ ਅੱਗੇ ਸਿਰਫ ਅਮਰੀਕਾ ਅਤੇ ਬ੍ਰਾਜ਼ੀਲ ਬਚੇ ਹਨ। ਹਾਲਾਂਕਿ, ਇਨ੍ਹਾਂ ਦੋਵਾਂ ਦੇਸ਼ਾਂ ਵਿੱਚ ਕੋਰੋਨਾ ਸੰਕਰਮਣ ਦੇ ਮਾਮਲੇ ਭਾਰਤ ਵਿੱਚ ਸੰਕਰਮਣ ਦੇ ਕੁੱਲ ਕੇਸਾਂ ਨਾਲੋਂ ਦੁੱਗਣੇ ਹਨ।
ਦੱਸ ਦੇਈਏ ਕਿ ਕੋਰੋਨਾ ਦਾ ਸਭ ਤੋਂ ਵੱਧ ਪ੍ਰਭਾਵ ਅਮਰੀਕਾ ਵਿੱਚ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਹੁਣ ਤੱਕ 29 ਲੱਖ ਤੋਂ ਵੱਧ ਮਾਮਲੇ ਯਾਨੀ 2,953,014 ਮਾਮਲੇ ਸਾਹਮਣੇ ਆ ਚੁੱਕੇ ਹਨ। ਪਿਛਲੇ 24 ਘੰਟਿਆਂ ਵਿੱਚ 17,244 ਨਵੇਂ ਕੇਸ ਸਾਹਮਣੇ ਆਏ ਹਨ । ਅਮਰੀਕਾ ਵਿੱਚ ਹੁਣ ਤੱਕ 132,382 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਤੋਂ ਬਾਅਦ ਬ੍ਰਾਜ਼ੀਲ ਦਾ ਨੰਬਰ ਹੈ, ਜਿੱਥੇ 1,578,376 ਕੋਰੋਨਾ ਕੇਸ ਸਾਹਮਣੇ ਆ ਚੁੱਕੇ ਹਨ, ਜਦੋਂ ਕਿ ਉਨ੍ਹਾਂ ਵਿਚੋਂ 64,365 ਦੀ ਮੌਤ ਹੋ ਗਈ ਹੈ ।
ਭਾਰਤ ਵਿੱਚ ਕੁੱਲ 687,760 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 19,568 ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ । ਰੂਸ ਵਿਚ 681,251 ਕੋਰੋਨਾ ਕੇਸ ਹਨ ਜਿਸ ਵਿੱਚੋਂ 10,161 ਲੋਕਾਂ ਦੀ ਮੌਤ ਹੋ ਗਈ ਹੈ । ਇਹ ਮਹਾਂਮਾਰੀ, ਜੋ ਕਿ ਪਹਿਲਾਂ ਯੂਰਪ ਵਿੱਚ ਤਬਾਹੀ ਮਚਾ ਰਹੀ ਸੀ, ਹੁਣਥ ਉੱਥੇ ਘੱਟ ਤਬਾਹੀ ਮਚਾ ਰਹੀ ਹੈ।