India reports corona count crosses one lakh: ਦੇਸ਼ ਵਿੱਚ ਜਾਨਲੇਵਾ ਕੋਰੋਨਾ ਵਾਇਰਸ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ । ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਅੱਜ ਪਹਿਲੀ ਵਾਰ ਲਾਗ ਦੇ ਇੱਕ ਲੱਖ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ । ਇਹ ਗਿਣਤੀ 1 ਲੱਖ 3 ਹਜ਼ਾਰ 558 ਹੈ। ਪਿਛਲੀ ਵਾਰ ਇੱਕ ਦਿਨ ਵਿੱਚ ਸਭ ਤੋਂ ਜ਼ਿਆਦਾ ਮਾਮਲੇ 16 ਸਤੰਬਰ 2020 ਨੂੰ ਦਰਜ ਕੀਤੇ ਗਏ ਸਨ। ਉਸ ਸਮੇਂ ਮਾਮਲਿਆਂ ਦੀ ਗਿਣਤੀ 97 ਹਜ਼ਾਰ 894 ਸੀ। ਉਸ ਸਮੇਂ 1132 ਲੋਕਾਂ ਦੀ ਮੌਤ ਹੋਈ ਸੀ, ਜਦਕਿ ਪਿਛਲੇ 24 ਘੰਟਿਆਂ ਦੌਰਾਨ 478 ਮੌਤਾਂ ਦਰਜ ਕੀਤੀਆਂ ਗਈਆਂ ਹਨ।

ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ ਹੁਣ ਸੰਕਰਮਣ ਦੇ ਕੇਸਾਂ ਦੀ ਗਿਣਤੀ ਵੱਧ ਕੇ 1 ਕਰੋੜ 25 ਲੱਖ 89 ਹਜ਼ਾਰ 67 ਹੋ ਗਈ ਹੈ । ਜਦਕਿ ਹੁਣ ਤੱਕ 1 ਲੱਖ 65 ਹਜ਼ਾਰ 101 ਲੋਕਾਂ ਦੀ ਮੌਤ ਹੋ ਚੁੱਕੀ ਹੈ । ਦੇਸ਼ ਵਿੱਚ ਦਿਨੋ-ਦਿਨ ਸਰਗਰਮ ਮਾਮਲੇ ਵੱਧ ਰਹੇ ਹਨ, ਜਿਨ੍ਹਾਂ ਦੀ ਗਿਣਤੀ ਹੁਣ ਵੱਧ ਕੇ 7 ਲੱਖ 41 ਹਜ਼ਾਰ 830 ਹੋ ਗਈ ਹੈ । ਉੱਥੇ ਹੀ 52 ਹਜ਼ਾਰ 847 ਲੋਕ ਵੀ ਕੋਰੋਨਾ ਤੋਂ ਠੀਕ ਵੀ ਹੋਏ ਹਨ । ਜਿਸ ਤੋਂ ਬਾਅਦ ਦੇਸ਼ ਵਿੱਚ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 1 ਕਰੋੜ 16 ਲੱਖ 82 ਹਜ਼ਾਰ 136 ਹੋ ਗਈ ਹੈ।

ਦਰਅਸਲ, ਦੇਸ਼ ਵਿੱਚ ਮਹਾਂਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਮਹਾਰਾਸ਼ਟਰ ਵਿੱਚ ਰਾਤ 8 ਵਜੇ ਤੋਂ ਵੀਕੈਂਡ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ । ਰਾਜ ਸਰਕਾਰ ਨੇ ਬੈਂਕਿੰਗ ਅਤੇ ਬੀਮਾ ਖੇਤਰਾਂ ਨੂੰ ਛੱਡ ਕੇ ਨਿੱਜੀ ਦਫਤਰਾਂ ਨੂੰ ਬੰਦ ਕਰਨ ਦਾ ਐਲਾਨ ਵੀ ਕੀਤਾ ਹੈ । ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਦੀ ਆਗਿਆ ਦਿੱਤੀ ਗਈ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਰਾਜ ਵਿੱਚ ਰੋਜ਼ਾਨਾ ਨਵੇਂ ਕੇਸਾਂ ਦਾ ਅੰਕੜਾ 47,913 ਤੱਕ ਪਹੁੰਚ ਗਿਆ ਹੈ । ਇਹ ਅੰਕੜਾ ਮਹਾਰਾਸ਼ਟਰ ਵਿੱਚ ਦੁੱਗਣੇ ਤੋਂ ਵੀ ਜ਼ਿਆਦਾ ਹੈ।

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਕੋਵਿਡ-19 ਦੇ ਸੰਕ੍ਰਮਣ ਦੇ ਇਸ ਪੜਾਅ ਨਾਲ ਨਜਿੱਠਣ ਲਈ ਰਾਜਾਂ ਨੂੰ ਸਖਤ ਅਤੇ ਵਿਆਪਕ ਕਦਮ ਚੁੱਕਣੇ ਪੈਣਗੇ । ਸੰਕ੍ਰਮਣ ਦੇ ਫੈਲਣ ਨੂੰ ਰੋਕਣ ਲਈ ਉਨ੍ਹਾਂ ਨੇ ਪੰਜ ਪੱਧਰੀ ਰਣਨੀਤੀ ਲਾਗੂ-ਟੈਸਟਿੰਗ, ਟਰੇਸਿੰਗ, ਇਲਾਜ, ਕੋਵਿਡ ਵਿਵਹਾਰ ਅਤੇ ਟੀਕਾਕਰਨ ਨੂੰ ਗੰਭੀਰਤਾ ਤੇ ਵਚਨਬੱਧਤਾ ਨਾਲ ਲਾਗੂ ਕਰਨ ਦਾ ਸੁਝਾਅ ਦਿੱਤਾ। ਬੈਠਕ ਵਿੱਚ ਮਹਾਰਾਸ਼ਟਰ, ਪੰਜਾਬ ਅਤੇ ਛੱਤੀਸਗੜ ਦੀ ਸਥਿਤੀ ਬਾਰੇ ਚਿੰਤਾ ਜ਼ਾਹਿਰ ਕੀਤੀ ਗਈ ਅਤੇ ਇਸ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨੇ ਜਨਤਕ ਸਿਹਤ ਮਾਹਿਰਾਂ ਅਤੇ ਡਾਕਟਰਾਂ ਦੀ ਕੇਂਦਰੀ ਟੀਮ ਨੂੰ ਇਨ੍ਹਾਂ ਰਾਜਾਂ ਵਿੱਚ ਭੇਜਣ ਦੇ ਨਿਰਦੇਸ਼ ਦਿੱਤੇ।
ਇਹ ਵੀ ਦੇਖੋ: ਕੈਪਟਨ ਦੇ ਸ਼ਹਿਰ ਪਟਿਆਲਾ ਜਾ ਕੇ ਨਵਜੋਤ ਸਿੰਘ ਸਿੱਧੂ ਨੇ ਦੇਖੋ ਕੀ ਕਰ ਦਿੱਤਾ ਐਲਾਨ…