ਭਾਰਤ ਵਿੱਚ ਮੰਕੀਪੌਕਸ ਦਾ ਪਹਿਲਾ ਕੇਸ ਕੇਰਲ ਦੇ ਕੋਲਮ ਵਿੱਚ ਪਾਏ ਜਾਣ ਦੀ ਪੁਸ਼ਟੀ ਹੋਈ ਹੈ । ਰਾਜ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਦੱਸਿਆ ਕਿ UAE ਤੋਂ ਪਰਤੇ ਇੱਕ ਵਿਅਕਤੀ ਵਿੱਚ ਲੱਛਣ ਦਿਖਾਈ ਦੇਣ ਤੋਂ ਬਾਅਦ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ । ਉਸ ਦੇ ਸੈਂਪਲ ਇਕੱਠੇ ਕਰ ਕੇ ਜਾਂਚ ਲਈ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ ਨੂੰ ਭੇਜੇ ਗਏ ਸਨ । ਜਿਸ ਤੋਂ ਬਾਅਦ ਹੀ ਉਸਦੇ ਮੰਕੀਪੌਕਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਸੀ। ਇੱਕ ਦਿਨ ਪਹਿਲਾਂ ਹੀ ਭਾਰਤ ਸਰਕਾਰ ਨੇ ਸਾਰੇ ਰਾਜਾਂ ਨੂੰ ਇੱਕ ਪੱਤਰ ਲਿਖ ਕੇ ਮੰਕੀਪੌਕਸ ਬਾਰੇ ਚੇਤਾਵਨੀ ਦਿੱਤੀ ਸੀ ਅਤੇ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ।
ਕੇਂਦਰ ਸਰਕਾਰ ਵੱਲੋਂ ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਸਾਰੇ ਸ਼ੱਕੀ ਵਿਅਕਤੀਆਂ ਦੀ ਨਿਗਰਾਨੀ ਅਤੇ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਬਿਹਤਰ ਨਿਗਰਾਨੀ ਦੀ ਵਿਵਸਥਾ ਹੋਣੀ ਚਾਹੀਦੀ ਹੈ। ਸੰਕਰਮਿਤ ਅਤੇ ਸ਼ੱਕੀ ਮਰੀਜ਼ਾਂ ਨੂੰ ਆਈਸੋਲੇਸ਼ਨ ਵਿੱਚ ਰੱਖਣਾ ਹੋਵੇਗਾ । ਨਾਲ ਹੀ, ਮੰਕੀਪੌਕਸ ਵਾਇਰਸ ਨਾਲ ਸੰਕਰਮਿਤ ਹੋਣ ਵਾਲੇ ਮਰੀਜ਼ ਲਈ ਵਧੀਆ ਇਲਾਜ ਦੀ ਵਿਵਸਥਾ ਹੋਣੀ ਚਾਹੀਦੀ ਹੈ। ਇਸ ਬਿਮਾਰੀ ਦੇ ਲੱਛਣ ਦਿਖਾਈ ਦੇਣ ਵਿੱਚ 6 ਤੋਂ 13 ਦਿਨ ਲੱਗ ਜਾਂਦੇ ਹਨ । ਹਾਲਾਂਕਿ ਇਹ ਵਾਇਰਸ ਸਮਾਲਪੌਕਸ ਜਿੰਨਾ ਗੰਭੀਰ ਨਹੀਂ ਹੈ, ਪਰ ਹੁਣ ਤੱਕ ਇਸ ਦਾ ਕੋਈ ਇਲਾਜ ਨਹੀਂ ਹੈ।
ਵਰਲਡ ਹੈਲਥ ਸੰਗਠਨ ਦੇ ਅਨੁਸਾਰ ਹੁਣ ਤੱਕ ਦੁਨੀਆ ਦੇ 63 ਦੇਸ਼ਾਂ ਵਿੱਚ ਮੰਕੀਪੌਕਸ ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ । 12 ਜੁਲਾਈ ਤੱਕ ਇਨ੍ਹਾਂ 63 ਦੇਸ਼ਾਂ ਵਿੱਚ ਮੰਕੀਪੌਕਸ ਦੇ 9200 ਮਾਮਲੇ ਸਾਹਮਣੇ ਆਏ ਹਨ । ਤੇਜ਼ੀ ਨਾਲ ਵਧ ਰਹੇ ਮਾਮਲਿਆਂ ਕਾਰਨ ਦੁਨੀਆ ਪਰੇਸ਼ਾਨ ਹੈ । ਵਿਸ਼ਵ ਸਿਹਤ ਸੰਗਠਨ ਜਲਦੀ ਹੀ ਇਸ ਸਬੰਧੀ ਇੱਕ ਐਮਰਜੈਂਸੀ ਮੀਟਿੰਗ ਕਰਨ ਜਾ ਰਹੀ ਹੈ ਜਿਸ ਵਿੱਚ ਇਹ ਫੈਸਲਾ ਕੀਤਾ ਜਾਵੇਗਾ ਕਿ ਮੰਕੀਪੌਕਸ ਨੂੰ ਵਿਸ਼ਵ ਸਿਹਤ ਐਮਰਜੈਂਸੀ ਘੋਸ਼ਿਤ ਕੀਤਾ ਜਾਵੇ ਜਾਂ ਨਹੀਂ। ਹਾਲਾਂਕਿ ਪਿਛਲੇ ਮਹੀਨੇ WHO ਨੇ ਇਸ ਨੂੰ ਹੈਲਥ ਐਮਰਜੈਂਸੀ ਘੋਸ਼ਿਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਪਰ ਜਿਸ ਰਫ਼ਤਾਰ ਨਾਲ ਮਾਮਲੇ ਵੱਧ ਰਹੇ ਹਨ, ਉਸ ਨੇ WHO ਨੂੰ ਦੁਬਾਰਾ ਸੋਚਣ ਲਈ ਮਜਬੂਰ ਕਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: