India successfully test fires Dhruvastra: ਮੇਕ ਇਨ ਇੰਡੀਆ ਮੁਹਿੰਮ ਤਹਿਤ ਦੇਸ਼ ਦੀ ਫੌਜ ਨੂੰ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ । ਇਕ ਹੋਰ ਨਾਮ ਫੌਜ ਦੀ ਤਾਕਤ ਵਿੱਚ ਜੁੜ ਗਿਆ ਹੈ। ਐਂਟੀ ਟੈਂਕ ‘ਧਰੁਵਸਤ੍ਰ’ ਮਿਜ਼ਾਈਲ ਦਾ ਸਫਲਤਾਪੂਰਵਕ ਟੈਸਟ ਕੀਤਾ ਗਿਆ ਹੈ, ਇਹ ਮਿਜ਼ਾਈਲ ਮੇਡ ਇਨ ਇੰਡੀਆ ਹੈ ਅਤੇ ਦੁਸ਼ਮਣ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਸਮਰੱਥਾ ਰੱਖਦੀ ਹੈ। ਇਸਦਾ ਟੈਸਟ 15-16 ਜੁਲਾਈ ਨੂੰ ਓਡੀਸ਼ਾ ਦੇ ਬਾਲਾਸੌਰ ਵਿੱਚ ਹੋਇਆ ਸੀ, ਜਿਸ ਤੋਂ ਬਾਅਦ ਹੁਣ ਇਸ ਨੂੰ ਫੌਜ ਦੇ ਹਵਾਲੇ ਕਰ ਦਿੱਤਾ ਜਾਵੇਗਾ । ਇਸਦੀ ਵਰਤੋਂ ਭਾਰਤੀ ਫੌਜ ਦੇ ਧਰੁਵ ਹੈਲੀਕਾਪਟਰ ਨਾਲ ਕੀਤੀ ਜਾਵੇਗੀ । ਯਾਨੀ, ਅਟੈਕ ਹੈਲੀਕਾਪਟਰ ਧਰੁਵ ‘ਤੇ ਇਸਨੂੰ ਤਾਇਨਾਤ ਕੀਤਾ ਜਾਵੇਗਾ, ਤਾਂ ਜੋ ਸਮਾਂ ਆਉਣ ‘ਤੇ ਦੁਸ਼ਮਣ ਨੂੰ ਸਬਕ ਸਿਖਾਇਆ ਜਾ ਸਕੇ।
ਹਾਲਾਂਕਿ, ਜੋ ਟੈਸਟ ਹੁਣੇ ਕੀਤਾ ਗਿਆ ਹੈ ਉਹ ਹੈਲੀਕਾਪਟਰ ਤੋਂ ਬਿਨ੍ਹਾਂ ਕੀਤਾ ਗਿਆ ਹੈ। ਪਹਿਲਾਂ ਇਸ ਮਿਜ਼ਾਈਲ ਦਾ ਨਾਮ ਨਾਗ ਸੀ, ਹੁਣ ਬਦਲ ਕੇ ਧਰੁਵਸਤ੍ਰ ਕਰ ਦਿੱਤਾ ਗਿਆ ਹੈ। ਇਹ ਮਿਜ਼ਾਈਲ ਸਵਦੇਸ਼ੀ ਹੈ ਅਤੇ ਇਸ ਦੀ ਸਮਰੱਥਾ 4 ਕਿਲੋਮੀਟਰ ਤੱਕ ਹੈ । ਇਹ ਕਿਸੇ ਵੀ ਟੈਂਕ ਨੂੰ ਨਸ਼ਟ ਕਰ ਸਕਦੀ ਹੈ। ਧਰੁਵ ਹੈਲੀਕਾਪਟਰ ਵੀ ਇੱਕ ਪੂਰੀ ਤਰ੍ਹਾਂ ਦੇਸੀ ਹੈਲੀਕਾਪਟਰ ਹੈ। ਅਜਿਹੀ ਸਥਿਤੀ ਵਿੱਚ ਇਹ DRDO ਅਤੇ ਫੌਜ ਲਈ ਇੱਕ ਵੱਡੀ ਪ੍ਰਾਪਤੀ ਮੰਨਿਆ ਜਾਂਦਾ ਹੈ ਕਿਉਂਕਿ ਹੁਣ ਅਜਿਹੀਆਂ ਮਿਜ਼ਾਈਲਾਂ ਲਈ ਦੂਜੇ ਦੇਸ਼ਾਂ ‘ਤੇ ਕੋਈ ਨਿਰਭਰਤਾ ਨਹੀਂ ਰਹੇਗੀ ।
ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (DRDO) ਦੀ ਵੈਬਸਾਈਟ ‘ਤੇ ਉਪਲਬਧ ਜਾਣਕਾਰੀ ਅਨੁਸਾਰ ਧਰੁਵਸਤ੍ਰ ਇੱਕ ਤੀਜੀ ਪੀੜ੍ਹੀ ਦੀ ‘ਦਾਗੋ ਅਤੇ ਭੁੱਲ ਜਾਓ’ ਐਂਟੀ-ਟੈਂਕ ਮਿਜ਼ਾਈਲ (ATGM) ਸਿਸਟਮ ਹੈ, ਜੋ ਇੱਕ ਆਧੁਨਿਕ ਹਲਕੇ ਹੈਲੀਕਾਪਟਰ ‘ਤੇ ਸਥਾਪਿਤ ਕੀਤਾ ਗਿਆ ਹੈ। ਇਹ ਪ੍ਰਣਾਲੀ ਸਾਰੇ ਮੌਸਮਾਂ ਵਿੱਚ ਦਿਨ ਅਤੇ ਰਾਤ ਦੇ ਸਮੇਂ ਲਈ ਸਮਰੱਥ ਹੈ ਅਤੇ ਰਵਾਇਤੀ ਟੈਂਕਾਂ ਦੇ ਨਾਲ-ਨਾਲ ਵਿਸਫੋਟਕ ਪ੍ਰਤਿਕਿਰਿਆਸ਼ੀਲ ਕਵਚ ਨਾਲ ਲੜਾਈ ਦੀਆਂ ਟੈਂਕਾਂ ਨੂੰ ਵੀ ਨਸ਼ਟ ਕਰ ਸਕਦੀ ਹੈ।
ਗੌਰਤਲਬ ਹੈ ਕਿ ਚੀਨ ਦੀ ਸਰਹੱਦ ‘ਤੇ ਲਗਾਤਾਰ ਤਣਾਅ ਬਣਿਆ ਹੋਇਆ ਹੈ। ਅਜਿਹੀ ਸਥਿਤੀ ਵਿੱਚ ਫੌਜ ਪੂਰੀ ਤਰ੍ਹਾਂ ਸੁਚੇਤ ਹੈ, ਦੂਜੇ ਪਾਸੇ ਮੇਕ ਇਨ ਇੰਡੀਆ ਨੂੰ ਉਤਸ਼ਾਹਤ ਕਰਨ ਲਈ DRDO ਦੇਸੀ ਮਿਜ਼ਾਈਲਾਂ ਤਿਆਰ ਕਰ ਰਿਹਾ ਹੈ। ਦੱਸ ਦੇਈਏ ਕਿ ਜਲਦੀ ਹੀ ਭਾਰਤ ਨੂੰ ਫਰਾਂਸ ਤੋਂ ਰਾਫੇਲ ਲੜਾਕੂ ਜਹਾਜ਼ ਵੀ ਮਿਲਣਗੇ ਜੋ ਅੰਬਾਲਾ ਏਅਰਬੇਸ ‘ਤੇ ਤਾਇਨਾਤ ਕੀਤੇ ਜਾਣਗੇ।