ਦੇਸ਼ ਭਰ ਵਿੱਚ ਫਰਵਰੀ ਮਹੀਨੇ ਵਿੱਚ ਹੀ ਮੌਸਮ ਤੇਜ਼ੀ ਨਾਲ ਬਦਲ ਗਿਆ ਹੈ । ਕਈ ਸੂਬਿਆਂ ਵਿੱਚ ਗੁਲਾਬੀ ਠੰਡ ਦੀ ਜਗ੍ਹਾ ਗਰਮੀ ਦਾ ਅਹਿਸਾਸ ਹੋਣ ਲੱਗਿਆ ਹੈ । ਫਰਵਰੀ ਵਿੱਚ ਹੀ ਸੂਰਜ ਦੀ ਤਪਸ਼ ਨੇ ਲੋਕਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ । ਪਾਰਾ 35 ਡਿਗਰੀ ਸੈਲਸੀਅਸ ਦੇ ਆਸ-ਪਾਸ ਦਰਜ ਕੀਤਾ ਜਾ ਰਿਹਾ ਹੈ । ਮੌਸਮ ਵਿਭਾਗ ਮੁਤਾਬਕ ਇਸ ਵਾਰ ਸਮੇਂ ਤੋਂ ਪਹਿਲਾਂ ਹੀ ਲੂ ਦੀ ਸ਼ੁਰੂਆਤ ਹੋ ਸਕਦੀ ਹੈ। ਇਸ ਦਾ ਸਭ ਤੋਂ ਵੱਧ ਅਸਰ ਫ਼ਸਲਾਂ ‘ਤੇ ਦੇਖਣ ਨੂੰ ਮਿਲ ਸਕਦਾ ਹੈ। ਜੇਕਰ ਤਾਪਮਾਨ 35 ਡਿਗਰੀ ਤੋਂ ਉੱਪਰ ਜਾਂਦਾ ਹੈ ਤਾਂ ਕਣਕ ਦੀ ਫ਼ਸਲ ਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ।
ਉੱਥੇ ਹੀ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 13 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਦਰਜ ਕੀਤਾ ਜਾ ਸਕਦਾ ਹੈ। ਇਸ ਦੌਰਾਨ ਅਸਮਾਨ ਪੂਰੀ ਤਰ੍ਹਾਂ ਸਾਫ਼ ਰਹੇਗਾ। ਇਸ ਦੌਰਾਨ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ । ਇਸ ਦੇ ਨਾਲ ਹੀ ਲਖਨਊ ਵਿੱਚ ਘੱਟੋ-ਘੱਟ ਤਾਪਮਾਨ 14 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਦਰਜ ਕੀਤਾ ਜਾ ਸਕਦਾ ਹੈ । ਚੰਡੀਗੜ੍ਹ ਦੀ ਗੱਲ ਕਰੀਏ ਤਾਂ ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਅਤੇ 30 ਡਿਗਰੀ ਰਹਿ ਸਕਦਾ ਹੈ।
ਮੌਸਮ ਵਿਭਾਗ ਮੁਤਾਬਕ ਤੇਲੰਗਾਨਾ, ਅੰਦਰੂਨੀ ਆਂਧਰਾ ਪ੍ਰਦੇਸ਼ ਅਤੇ ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਕੁਝ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 35 ਤੋਂ 37 ਡਿਗਰੀ ਦੇ ਆਸਪਾਸ ਰਹਿ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਉੱਤਰ ਪੱਛਮੀ ਅਤੇ ਮੱਧ ਭਾਰਤ ਦੇ ਰਾਜਾਂ ਵਿੱਚ ਤਾਪਮਾਨ ਆਮ ਨਾਲੋਂ 3 ਤੋਂ 4 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਮੌਸਮ ਦੀ ਭਵਿੱਖਬਾਣੀ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਗਿਲਗਿਤ-ਬਾਲਟਿਸਤਾਨ, ਮੁਜ਼ੱਫਰਾਬਾਦ, ਲੱਦਾਖ, ਕਸ਼ਮੀਰ, ਹਿਮਾਚਲ ਪ੍ਰਦੇਸ਼, ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਬਰਫਬਾਰੀ ਹੋ ਸਕਦੀ ਹੈ । ਅਸਾਮ, ਜੰਮੂ, ਸਿੱਕਮ ਅਤੇ ਅੰਡੇਮਾਨ ਨਿਕੋਬਾਰ ਦੀਪ ਸਮੂਹ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਪੰਜਾਬ, ਉੱਤਰੀ ਹਰਿਆਣਾ ਅਤੇ ਦੱਖਣੀ ਤਾਮਿਲਨਾਡੂ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਿਸ਼ ਜਾਂ ਗਰਜ ਨਾਲ ਮੀਂਹ ਪੈ ਸਕਦਾ ਹੈ। 28 ਫਰਵਰੀ ਤੋਂ 2 ਮਾਰਚ ਦੇ ਵਿਚਕਾਰ, ਪੱਛਮੀ ਹਿਮਾਲਿਆ ‘ਤੇ ਮੀਂਹ ਅਤੇ ਬਰਫਬਾਰੀ ਦੀ ਤੀਬਰਤਾ ਵਧ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: