ਬੀਤੇ ਕੁਝ ਦਿਨਾਂ ਤੋਂ ਉੱਤਰ-ਪੱਛਮੀ ਹਿਮਾਲਿਆ ਖੇਤਰ ਵਿੱਚ ਪੱਛਮੀ ਗੜਬੜੀ ਸਰਗਰਮ ਹੈ। ਜਿਸਦੇ ਕਾਰਨ ਦੇਸ਼ ਦੇ ਮੈਦਾਨੀ ਇਲਾਕਿਆਂ ਵਿੱਚ ਲਗਾਤਾਰ ਬਾਰਿਸ਼ ਜਾਰੀ ਹੈ। ਹਾਲਾਂਕਿ ਸੋਮਵਾਰ ਨੂੰ ਇਸਦੀ ਸਰਗਰਮਤਾ ਵਿੱਚ ਕਮੀ ਦੇਖੀ ਗਈ, ਪਰ ਇੱਕ ਵਾਰ ਫਿਰ ਤੋਂ ਇਸੇ ਖੇਤਰ ਵਿੱਚ ਮੌਸਮ ਦੇ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ। ਭਾਰਤੀ ਮੌਸਮ ਵਿਭਾਗ ਅਨੁਸਾਰ ਹਿਮਾਲਿਆ ਦੇ ਖੇਤਰਾਂ ਵਿੱਚ ਨਵੀਂ ਪੱਛਮੀ ਗੜਬੜੀ ਪੈਦਾ ਹੋ ਰਹੀ ਹੈ। ਜਿਸ ਕਾਰਨ ਬਾਰਿਸ਼ ਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦਾ ਮੰਨਣਾ ਹੈ ਕਿ ਅਗਲੇ 60 ਘੰਟਿਆਂ ਦੇ ਅੰਦਰ ਉੱਤਰ ਭਾਰਤ ਦੇ ਰਾਜਾਂ ਵਿੱਚ ਇੱਕ ਵਾਰ ਫਿਰ ਤੇਜ਼ ਹਨੇਰੀ ਤੇ ਬਾਰਿਸ਼ ਸਣੇ ਭਾਰੀ ਬਰਫਬਾਰੀ ਹੋਣ ਵਾਲੀ ਹੈ।
ਮੌਸਮ ਵਿਭਾਗ ਅਨੁਸਾਰ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਵੱਖ-ਵੱਖ ਹਿੱਸਿਆਂ ਵਿੱਚ 6 ਤੋਂ 7 ਮਾਰਚ ਵਿਚਾਲੇ ਬਾਰਿਸ਼ ਦੀ ਸੰਭਾਵਨਾ ਹੈ। ਇਸਦੇ ਨਾਲ ਹੀ ਗੜ੍ਹੇਮਾਰੀ ਦੀ ਵੀ ਸੰਭਾਵਨਾ ਜਤਾਈ ਹੈ। ਉੱਥੇ ਹੀ 7 ਤੇ 9 ਮਾਰਚ ਦੇ ਵਿਚਾਲੇ ਓਡੀਸ਼ਾ, ਪੱਛਮੀ ਬੰਗਾਲ ਤੇ ਸਿੱਕਮ ਦਾ ਮੌਸਮ ਵੀ ਵਿਗੜਨ ਵਾਲਾ ਹੈ। ਇਨ੍ਹਾਂ ਤਿੰਨ ਰਾਜਾਂ ਵਿੱਚ ਵੀ ਬਾਰਿਸ਼ ਹੋ ਸਕਦੀ ਹੈ।
ਮੌਸਮ ਵਿਭਾਗ ਅਨੁਸਾਰ ਅਰੁਣਾਚਲ ਪ੍ਰਦੇਸ਼ ਵਿੱਚ ਅਗਲੇ ਇੱਕ ਹਫਤੇ ਦੇ ਦੌਰਾਨ ਪੱਛਮੀ ਗੜਬੜੀ ਦਾ ਅਸਰ ਦੇਖਣ ਨੂੰ ਮਿਲੇਗਾ। ਅਲੱਗ-ਅਲੱਗ ਖੇਤਰਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਤੇ ਬਰਫ਼ਬਾਰੀ ਦੀ ਵੀ ਸੰਭਾਵਨਾ ਹੈ। ਇਸਨੂੰ ਲੈ ਕੇ ਪਹਿਲਾਂ ਤੋਂ ਹੀ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਆਸਾਮ ਤੇ ਮੇਘਾਲਿਆ ਵਿੱਚ ਵੀ ਇਸ ਤਰ੍ਹਾਂ ਦੇ ਮੌਸਮ ਦੀ ਸੰਭਾਵਨਾ ਜਤਾਈ ਗਈ ਹੈ।
ਦੱਸ ਦੇਈਏ ਕਿ ਮੌਸਮ ਵਿਭਾਗ ਵੱਲੋਂ ਅਗਲੇ 24 ਘੰਟਿਆਂ ਦੇ ਦੌਰਾਨ ਅਰੁਣਾਚਲ ਪ੍ਰਦੇਸ਼ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਨਾਲ ਬਰਫ਼ਬਾਰੀ ਦੀ ਸੰਭਾਵਨਾ ਜਤਾਈ ਗਈ ਹੈ। ਹਿਮਾਚਲ ਪ੍ਰਦੇਸ਼, ਉੱਤਰਾਖੰਡ, ਕੇਰਲ ਤੇ ਓਡੀਸ਼ਾ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਹੈ। 6 ਮਾਰਚ ਤੋਂ ਪੱਛਮੀ ਹਿਮਾਲਿਆ ਖੇਤਰ ਵਿੱਚ ਬਾਰਿਸ਼ ਤੇ ਬਰਫਬਾਰੀ ਦੀਆਂ ਗਤੀਵਿਧੀਆਂ ਇੱਕ ਵਾਰ ਫਿਰ ਵਧਣ ਦੀ ਉਮੀਦ ਹੈ ਤੇ ਇਹ 7 ਮਾਰਚ ਤੱਕ ਜਾਰੀ ਰਹਿ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: