ਚੱਕਰਵਾਤੀ ਤੂਫਾਨ ਤਾਉਤੇ ਕਾਰਨ ਅਰਬ ਸਾਗਰ ਵਿੱਚ ਫਸੇ ਬਾਰਜ P305 ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਇੰਡੀਅਨ ਨੇਵੀ ਵੱਲੋਂ ਚਲਾਏ ਜਾ ਰਹੇ ਅਭਿਆਨ ਦੌਰਾਨ ਇੱਥੋਂ ਕੁੱਲ 14 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ।
ਪਿਛਲੇ ਦਿਨ ਤੋਂ ਹੀ ਨੇਵੀ ਵੱਲੋਂ ਇੱਥੇ ਬਚਾਅ ਅਤੇ ਰਾਹਤ ਅਭਿਆਨ ਚਲਾਇਆ ਜਾ ਰਿਹਾ ਸੀ। ਹਾਲਾਂਕਿ, ਇਹ ਰਾਹਤ ਦੀ ਗੱਲ ਹੈ ਕਿ ਕੁੱਲ 273 ਲੋਕਾਂ ਵਿੱਚੋਂ 184 ਲੋਕਾਂ ਨੂੰ ਬਚਾਇਆ ਲਿਆ ਗਿਆ ਹੈ।
ਇਹ ਵੀ ਪੜ੍ਹੋ: ਕੋਰੋਨਾ ਵਿਰੁੱਧ ਲੜਾਈ ‘ਚ ਹੁਣ ISRO ਵੀ ਆਇਆ ਅੱਗੇ, ਬਣਾਏ ਸਵਦੇਸ਼ੀ ਆਕਸੀਜਨ ਕੰਸਨਟ੍ਰੇਟਰ
ਨੇਵੀ ਅਧਿਕਾਰੀ ਮਨੋਜ ਝਾਅ ਨੇ 14 ਲਾਸ਼ਾਂ ਬਰਾਮਦ ਹੋਣ ਦੀ ਪੁਸ਼ਟੀ ਕੀਤੀ ਹੈ, ਜਦਕਿ ਮਹਾਰਾਸ਼ਟਰ, ਗੁਜਰਾਤ ਵਿੱਚ ਹੁਣ ਤੱਕ ਆਏ ਤੂਫਾਨ ਕਾਰਨ 63 ਮੌਤਾਂ ਦਰਜ ਕੀਤੀਆਂ ਗਈਆਂ ਹਨ ।
ਦੱਸ ਦਈਏ ਕਿ ਚੱਕਰਵਾਤੀ ਤੂਫਾਨ ਤਾਉਤੇ ਕਾਰਨ ਅਰਬ ਸਾਗਰ ਵਿੱਚ ਮੁੰਬਈ ਤੋਂ ਕੁਝ ਦੂਰੀ ‘ਤੇ ਇਹ ਜਹਾਜ਼ ਫਸ ਗਿਆ ਸੀ। ਆਇਲ ਰਿਗ ਨੇੜੇ ਮੌਜੂਦ ਇਸ ਬਾਰਜ ਵਿੱਚੋਂ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਕੀਤਾ ਜਾ ਰਿਹਾ ਸੀ। ਇਸ ਵਿੱਚ ਇੰਡੀਅਨ ਨੇਵੀ, ਕੋਸਟ ਗਾਰਡ ਸਮੇਤ ਕਈ ਏਜੰਸੀਆਂ ਸ਼ਾਮਿਲ ਸਨ।
ਗੌਰਤਲਬ ਹੈ ਕਿ ਅਰਬ ਸਾਗਰ ਵਿੱਚ ਓ.ਐੱਨ.ਜੀ.ਸੀ. ਦੇ ਆਇਲ ਰਿਗ ਦੇ ਕੋਲ ਖੜੇ ਬਾਰਜ P305 ਦੀ ਕੰਪਨੀ ਨੇ ਇਸਨੂੰ ਲੈ ਕੇ ਇੱਕ ਬਿਆਨ ਵੀ ਜਾਰੀ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਪਿਛਲੇ ਪੰਜ ਦਹਾਕਿਆਂ ਵਿੱਚ ਆਇਆ, ਸਭ ਤੋਂ ਭਿਆਨਕ ਤੂਫਾਨ ਹੈ ਜਿਸਨੇ ਬਹੁਤ ਜ਼ਿਆਦਾ ਤਬਾਹੀ ਮਚਾਈ ਹੈ। ਫਿਲਹਾਲ ਨੇਵੀ ਦੀ ਸਹਾਇਤਾ ਨਾਲ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਤੇ ਬਾਕੀ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ।
ਜ਼ਿਕਰਯੋਗ ਹੈ ਕਿ ਇਸ ਤੂਫਾਨ ਨੇ ਮਹਾਰਾਸ਼ਟਰ ਅਤੇ ਗੁਜਰਾਤ ਦੇ ਇਲਾਕਿਆਂ ਵਿੱਚ ਤਬਾਹੀ ਮਚਾਈ ਹੈ, ਜਿਸ ਵਿੱਚ 60 ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਗੁਜਰਾਤ ਵਿੱਚ ਕੁੱਲ 45 ਅਤੇ ਮਹਾਰਾਸ਼ਟਰ ਵਿੱਚ 18 ਮੌਤਾਂ ਦਰਜ ਕੀਤੀਆਂ ਗਈਆਂ ਹਨ।