Isro launches PSLV-C51: ਸਾਲ 2021 ਵਿੱਚ ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਆਪਣੇ ਪਹਿਲੇ ਮਿਸ਼ਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਅੱਜ ਯਾਨੀ ਕਿ ਐਤਵਾਰ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰਿਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ 10.24 ਮਿੰਟ ’ਤੇ PSLV-C51 ਨੂੰ ਲਾਂਚ ਕੀਤਾ ਗਿਆ। PSLV-C51/ਅਮੇਜ਼ੋਨੀਆ-1 ਅਤੇ ਦੂਜੇ 18 ਸੈਟੇਲਾਈਟ ਨੂੰ ਲੈ ਕੇ ਪੁਲਾੜ ਵਿੱਚ ਗਿਆ ਹੈ। ISRO ਨੇ ਇੱਕ ਬਿਆਨ ਵਿੱਚ ਦੱਸਿਆ ਕਿ PSLV-C51, PSLV ਦਾ 53ਵਾਂ ਮਿਸ਼ਨ ਹੈ। ਇਸ ਰਾਕੇਟ ਰਾਹੀਂ ਬ੍ਰਾਜ਼ੀਲ ਦੇ ਅਮੇਜ਼ੋਨੀਆ-1 ਸੈਟੇਲਾਈਟ ਨਾਲ 18 ਹੋਰ ਸੈਟੇਲਾਈਟ ਵੀ ਪੁਲਾੜ ਭੇਜੇ ਗਏ ਹਨ।
ਦਰਅਸਲ, PSLV-C51/ਅਮੇਜ਼ੋਨੀਆ-1 ਇਸਰੋ ਦੀ ਵਣਜ ਇਕਾਈ ਨਿਊਸਪੇਸ ਇੰਡੀਆ ਲਿਮਟਿਡ (NSIL) ਦਾ ਪਹਿਲਾ ਵਣਜ ਮਿਸ਼ਨ ਹੈ। ISRO ਨੇ ਕਿਹਾ ਕਿ ਇਹ ਬ੍ਰਾਜ਼ੀਲੀ ਸੈਟੇਲਾਈਟ ਐਮਾਜ਼ਾਨ ਖੇਤਰ ਵਿਚ ਜੰਗਲਾਂ ਦੀ ਕਟਾਈ ਦੀ ਨਿਗਰਾਨੀ ਅਤੇ ਖੇਤੀ ਵਿਸ਼ਲੇਸ਼ਣ ਲਈ ਯੂਜ਼ਰਸ ਨੂੰ ਰਿਮੋਟ ਸੈਂਸਿੰਗ ਡਾਟਾ ਮੁਹੱਈਆ ਕਰਾਏਗਾ। ਨਾਲ ਹੀ ਮੌਜੂਦਾ ਢਾਂਚੇ ਨੂੰ ਹੋਰ ਮਜ਼ਬੂਤ ਬਣਾਏਗਾ। ਇਸ ਦੀ ਲਾਂਚਿੰਗ ਨਾਲ ਹੀ ਭਾਰਤ ਵੱਲੋਂ ਸਪੇਸ ਵਿਚ ਭੇਜੇ ਗਏ ਵਿਦੇਸ਼ੀ ਸੈਟੇਲਾਈਟਾਂ ਦੀ ਗਿਣਤੀ ਵੱਧ ਕੇ 342 ਹੋ ਗਈ ਹੈ ।
ਇਸ ਸਬੰਧੀ ਇਸਰੋ ਦੇ ਚੇਅਰਮੈਨ ਕੇ ਸਿਵਾਨ ਨੇ ਕਿਹਾ ਕਿ ਇਹ ਭਾਰਤ ਅਤੇ ਬ੍ਰਾਜ਼ੀਲ ਦੋਵਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅਮੇਜ਼ੋਨੀਆ-1 ਬ੍ਰਾਜ਼ੀਲ ਦੇ ਵਿਗਿਆਨੀਆਂ ਵੱਲੋਂ ਬਣਾਇਆ ਅਤੇ ਵਿਕਸਤ ਕੀਤਾ ਗਿਆ ਸੀ। ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਇਸ ਦੀ ਲਾਂਚਿੰਗ ਲਈ ਭਾਰਤ ਤੋਂ ਵਧੀਆ ਜਗ੍ਹਾ ਹੋਰ ਕੋਈ ਨਹੀਂ ਹੋ ਸਕਦੀ ਸੀ।
ਇਹ ਵੀ ਦੇਖੋ: ਵੱਡੀ ਖ਼ਬਰ: ਪੈਟ੍ਰੋਲ ਤੋਂ ਬਾਅਦ ਹੁਣ 100 ਰੁਪਏ ਲੀਟਰ ਦੁੱਧ ਖ੍ਰੀਦਣ ਲਈ ਵੀ ਹੋ ਜਾਓ ਤਿਆਰ !