ਚੰਦਰਯਾਨ-3 ਦੇ ਲੈਂਡਰ ਦੀ ਸਫਲ ਲੈਂਡਿੰਗ ਦੇ ਚੱਲਦਿਆਂ ਇਤਿਹਾਸ ਵਿੱਚ ਪਹਿਲੀ ਵਾਰ ਚੰਦਰਮਾ ਦੇ ਦੱਖਣੀ ਧਰੁਵ ਬਾਰੇ ਇੱਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ । ਚੰਦਰਮਾ ਦੇ ਦੱਖਣੀ ਧਰੁਵ ‘ਤੇ ਪਹੁੰਚ ਕੇ ਪੁਲਾੜ ਵਿਗਿਆਨ ਵਿੱਚ ਸਫਲਤਾ ਦੀ ਨਵੀਂ ਪਰਿਭਾਸ਼ਾ ਲਿਖਣ ਤੋਂ ਬਾਅਦ ਲੈਂਡਰ ਅਤੇ ਰੋਵਰ ਵਿੱਚ ਲੱਗੇ ਪੇਲੋਡ ਚੰਦਰਮਾ ਦੇ ਰਾਜ਼ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ । ਇਸ ਲੜੀ ਵਿੱਚ ਲੈਂਡਰ ਵਿਕਰਮ ‘ਤੇ ਪੇਲੋਡ ਚੰਦਰ ਸਰਫੇਸ ਥਰਮੋਫਿਜ਼ੀਕਲ ਪ੍ਰਯੋਗ (ਚੇਸਟ) ਨੇ ਚੰਦਰ ਦੀ ਸਤ੍ਹਾ ਦੇ ਤਾਪਮਾਨ ਦੀ ਪ੍ਰੋਫਾਈਲਿੰਗ ਕੀਤੀ ਹੈ ਉਸ ਨਾਲ ਵਿਗਿਆਨੀ ਵੀ ਹੈਰਾਨ ਹਨ।
ਚੰਦਰਮਾ ਦੇ ਤਾਪਮਾਨ ਨੂੰ ਲੈ ਕੇ ਮਿਲੀ ਤਾਜ਼ਾ ਜਾਣਕਾਰੀ ਦਿੰਦੇ ਹੋਏ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਵਿਗਿਆਨੀ ਬੀ.ਐਚ.ਐਮ. ਦਾਰੂਕੇਸ਼ਾ ਨੇ ਕਿਹਾ ਕਿ ਚੰਦਰਮਾ ਦੀ ਸਤ੍ਹਾ ‘ਤੇ ਤਾਪਮਾਨ 20 ਡਿਗਰੀ ਸੈਲਸੀਅਸ ਤੋਂ 30 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦਾ ਅਨੁਮਾਨ ਲਗਾਇਆ ਗਿਆ ਸੀ, ਪਰ ਚੰਦਰਮਾ ਦੀ ਸਤ੍ਹਾ ‘ਤੇ ਵੱਧ ਤੋਂ ਵੱਧ ਤਾਪਮਾਨ 70 ਡਿਗਰੀ ਸੈਲਸੀਅਸ ਨਿਕਲਿਆ, ਜੋ ਕਿ ਉਮੀਦ ਤੋਂ ਦੁੱਗਣੇ ਤੋਂ ਵੀ ਜ਼ਿਆਦਾ ਹੈ।
ਇਹ ਵੀ ਪੜ੍ਹੋ: ਸਰਕਾਰੀ ਸਕੂਲਾਂ ‘ਚ ਹੁਣ ਟੀਚਰਾਂ ਦੀ ਲੱਗੇਗੀ ਬਾਇਓਮੈਟ੍ਰਿਕ ਮਸ਼ੀਨਾਂ ਰਾਹੀਂ ਹਾਜ਼ਰੀ, ਹੁਕਮ ਜਾਰੀ
ਵਿਗਿਆਨੀ ਬੀਐਚਐਮ ਦਾਰੂਕੇਸ਼ਾ ਨੇ ਕਿਹਾ ਕਿ ਅਜਿਹਾ ਤਾਪਮਾਨ ਹੋਣਾ ਹੈਰਾਨੀਜਨਕ ਹੈ । ਧਰਤੀ ‘ਤੇ ਦੋ ਤੋਂ ਤਿੰਨ ਸੈਂਟੀਮੀਟਰ ਦੀ ਡੂੰਘਾਈ ਵਿੱਚ ਅਸੀਂ ਸ਼ਾਇਦ ਹੀ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਦੇ ਤਾਪਮਾਨ ਦਾ ਅੰਤਰ ਦੇਖਦੇ ਹਾਂ, ਜਦੋਂ ਕਿ ਚੰਦਰਮਾ ‘ਤੇ ਇਹ ਲਗਭਗ 50 ਡਿਗਰੀ ਸੈਲਸੀਅਸ ਹੈ । ਤਾਪਮਾਨ ਦਾ ਗ੍ਰਾਫ ਜਾਰੀ ਕਰਦੇ ਹੋਏ ਇਸਰੋ ਨੇ ਪੋਸਟ ਸਾਂਝੀ ਕੀਤੀ । ਵਿਕਰਮ ਲੈਂਡਰ ‘ਤੇ ਲੱਗੇ ਚੇਸਟ ਪੇਲੋਡ ਨੇ ਚੰਦਰਮਾ ਦੀ ਸਤ੍ਹਾ ਦੇ ਥਰਮਲ ਵਿਵਹਾਰ ਨੂੰ ਸਮਝਣ ਲਈ ਦੱਖਣੀ ਧਰੁਵ ਦੇ ਆਲੇ-ਦੁਆਲੇ ਚੰਦਰ ਦੀ ਉਪਰਲੀ ਮਿੱਟੀ ਦੇ ਤਾਪਮਾਨ ਪ੍ਰੋਫਾਈਲ ਨੂੰ ਮਾਪਿਆ।
ਦੱਸ ਦੇਈਏ ਕਿ ਚੇਸਟ ਪੇਲੋਡ ਵਿੱਚ ਇੱਕ ਉਪਕਰਨ ਲੱਗਿਆ ਹੈ, ਜਿਸ ਵਿੱਚ ਤਾਪਮਾਨ ਨੂੰ ਮਾਪਣ ਲਈ 10 ਸੈਂਸਰ ਹਨ। ਇਹ ਉਪਕਰਨ ਕੰਟਰੋਲ ਐਂਟਰੀ ਸਿਸਟਮ ਦੀ ਮਦਦ ਨਾਲ ਸਤ੍ਹਾ ਤੋਂ 10 ਸੈਂਟੀਮੀਟਰ ਦੀ ਡੂੰਘਾਈ ਤੱਕ ਪਹੁੰਚਣ ਦੇ ਸਮਰੱਥ ਹੈ । ਇਸ ਪੇਲੋਡ ਨੂੰ ਪੁਲਾੜ ਭੌਤਿਕ ਵਿਗਿਆਨ ਪ੍ਰਯੋਗਸ਼ਾਲਾ (ਐਸਪੀਐਲ) ਦੀ ਟੀਮ ਨੇ ਭੌਤਿਕ ਖੋਜ ਪ੍ਰਯੋਗਸ਼ਾਲਾ (ਪੀਆਰਐਲ), ਅਹਿਮਦਾਬਾਦ ਦੇ ਸਹਿਯੋਗ ਨਾਲ ਵਿਕਸਤ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: