ITBP personnel practice Yoga: ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਲੱਦਾਖ ਵਿੱਚ 18 ਹਜ਼ਾਰ ਫੁੱਟ ਦੀ ਉਚਾਈ ‘ਤੇ ITBP ਦੇ ਜਵਾਨਾਂ ਨੇ ਯੋਗ ਅਤੇ ਪ੍ਰਾਣਾਯਾਮ ਕੀਤਾ । ਲੱਦਾਖ ਵਿੱਚ ਬਰਫ਼ ਨਾਲ ਢਕੀ ਸਫ਼ੇਦ ਜ਼ਮੀਨ ‘ਤੇ ITBP ਜਵਾਨਾਂ ਦੇ ਇੱਕ ਦਲ ਨੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਯੋਗ ਅਭਿਆਸ ਕੀਤਾ। ਲੱਦਾਖ ਵਿੱਚ ਜਿਸ ਜਗ੍ਹਾ ਇਨ੍ਹਾਂ ਜਵਾਨਾਂ ਨੇ ਯੋਗ ਕੀਤਾ, ਉੱਥੇ ਤਾਪਮਾਨ ਸਿਫ਼ਰ ਡਿਗਰੀ ਤੋਂ ਘੱਟ ਹੈ। ਬਰਫ ਦੀ ਚਿੱਟੀ ਚਾਦਰ ‘ਤੇ ਜਵਾਨਾਂ ਦਾ ਯੋਗ ਅਭਿਆਸ ਬਹੁਤ ਹੀ ਵਿਲੱਖਣ ਦ੍ਰਿਸ਼ ਪੇਸ਼ ਕਰ ਰਿਹਾ ਸੀ। ਦੱਸ ਦੇਈਏ ਕਿ ਹਾਲ ਹੀ ਵਿੱਚ ਲੱਦਾਖ ਵਿਚ ਭਾਰਤ ਅਤੇ ਚੀਨ ਦੀ ਸੈਨਾ ਵਿਚਾਲੇ ਹਿੰਸਕ ਝੜਪ ਹੋਈ ਹੈ । ਲੱਦਾਖ ਵਿੱਚ ਹੀ ਭਾਰਤ ਤੇ ਚੀਨ ਦੀ ਸਰਹੱਦ ਹੈ। ਇਸ ਸਰਹੱਦ ਦੀ ਨਿਗਰਾਨੀ ITBP ਦੇ ਜਵਾਨ ਕਰਦੇ ਹਨ।
ਅੱਜ ਯੋਗ ਦਿਵਸ ਦੇ ਮੌਕੇ ‘ਤੇ ਆਈਟੀਬੀਪੀ ਦੇ ਜਵਾਨਾਂ ਨੇ ਬਰਫ ਦੀਆਂ ਚਿੱਟੀਆਂ ਚਾਦਰਾਂ ਦੇ ਵਿਚਕਾਰ ਕਾਲੀਆਂ ਐਨਕਾਂ ਲਗਾ ਕੇ ਯੋਗ ਕੀਤਾ। ਸਿੱਕਮ ਵਿੱਚ ਵੀ ਆਈਟੀਬੀਪੀ ਦੇ ਜਵਾਨਾਂ ਨੇ ਯੋਗ ਅਤੇ ਪ੍ਰਾਣਾਯਾਮ ਦਾ ਅਭਿਆਸ ਕੀਤਾ । ਤਸਵੀਰਾਂ ਵਿੱਚ ਲੱਦਾਖ ਦੇ ਮੁਕਾਬਲੇ ਸਿੱਕਮ ਵਿੱਚ ਘੱਟ ਬਰਫ ਪਈ ਹੈ। ਪਰ ਇੱਥੇ ਦਾ ਦ੍ਰਿਸ਼ ਬਹੁਤ ਸੁੰਦਰ ਲੱਗ ਰਿਹਾ ਹੈ। ਆਈਟੀਬੀਪੀ ਦੇ ਜਵਾਨਾਂ ਨੇ ਨੀਲੇ ਅਸਮਾਨ ਅਤੇ ਬੱਦਲਾਂ ਦੇ ਹੇਠਾਂ ਯੋਗ ਕੀਤਾ।
ਦੱਸ ਦੇਈਏ ਕਿ ਕੋਵਿਡ-19 ਗਲੋਬਲ ਮਹਾਂਮਾਰੀ ਦੇ ਮੱਦੇਨਜ਼ਰ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਲੋਕਾਂ ਦੇ ਇਕੱਠੇ ਕੀਤੇ ਬਗੈਰ ਡਿਜੀਟਲ ਮੀਡੀਆ ਫੋਰਮਾਂ ‘ਤੇ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਸੰਦੇਸ਼ ਵੀ ਦਿੱਤਾ । ਛੇਵੇਂ ਕੌਮਾਂਤਰੀ ਯੋਗ ਦਿਵਸ ਦੀ ਵਧਾਈ ਦਿੰਦਿਆਂ ਪੀਐਮ ਮੋਦੀ ਨੇ ਕਿਹਾ ਕਿ ਕੌਮਾਂਤਰੀ ਯੋਗ ਦਿਵਸ ਦਾ ਇਹ ਦਿਨ ਏਕਤਾ ਦਾ ਦਿਨ ਹੈ। ਇਹ ਸਰਵ ਵਿਆਪੀ ਭਾਈਚਾਰੇ ਦੇ ਸੰਦੇਸ਼ ਦਾ ਦਿਨ ਹੈ। ਪੀਐਮ ਮੋਦੀ ਨੇ ਕਿਹਾ ਕਿ ਬੱਚੇ, ਬਜ਼ੁਰਗ, ਜਵਾਨ, ਪਰਿਵਾਰ ਦੇ ਬਜ਼ੁਰਗ, ਸਾਰੇ ਯੋਗਾ ਦੇ ਜ਼ਰੀਏ ਇਕੱਠੇ ਹੁੰਦੇ ਹਨ, ਤਾਂ ਸਾਰੇ ਘਰ ਵਿੱਚ ਊਰਜਾ ਦਾ ਪ੍ਰਵਾਹ ਹੁੰਦਾ ਹੈ। ਇਸ ਲਈ ਇਸ ਵਾਰ ਯੋਗ ਦਿਵਸ, ਭਾਵਨਾਤਮਕ ਯੋਗ ਦਾ ਦਿਨ ਵੀ ਹੈ । ਇਹ ਸਾਡੇ ਪਰਿਵਾਰਕ ਬੰਧਨ ਨੂੰ ਵਧਾਉਣ ਦਾ ਦਿਨ ਹੈ।