Jaishankar slams China and Pakistan: ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਦੁਨੀਆ ਨੂੰ ਅੱਤਵਾਦ ਖਿਲਾਫ ਬਿਨ੍ਹਾਂ ਕਿਸੇ ਟਾਲ-ਮਟੋਲ ਦੇ ਨਿਰਣਾਇਕ ਕਾਰਵਾਈ ਕਰਨ ਦੀ ਮੰਗ ਕੀਤੀ ਹੈ । ਸੰਯੁਕਤ ਰਾਸ਼ਟਰ ਵਿੱਚ ਆਪਣੇ ਸੰਬੋਧਨ ਦੌਰਾਨ ਜੈਸ਼ੰਕਰ ਨੇ ਕਿਹਾ ਕਿ ਅੱਤਵਾਦ ‘ਤੇ ਜ਼ੀਰੋ ਟਾਲਰੈਂਸ ਦੀ ਜ਼ਰੂਰਤ ਹੈ। ਐੱਸ ਜੈਸ਼ੰਕਰ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਨੂੰ ਸੰਯੁਕਤ ਰਾਸ਼ਟਰ ਪ੍ਰਣਾਲੀ ਨੂੰ ਅੱਤਵਾਦ ਦੇ ਖ਼ਤਰੇ ਨੂੰ ਸੰਬੋਧਿਤ ਕਰਨ ਅਤੇ ਪ੍ਰਭਾਵਸ਼ਾਲੀ ਕਾਰਵਾਈ ਯਕੀਨੀ ਬਣਾਉਣ ਲਈ ਅੱਠ-ਪੁਆਇੰਟ ਏਜੰਡਾ ਦਿੱਤਾ।
ਦਰਅਸਲ, ਸੰਕਲਪ 1373 (2001) ਦੇ ਮਤੇ ਨੂੰ ਮਨਜ਼ੂਰੀ ਮਿਲਣ ਤੋਂ 20 ਸਾਲ ਬਾਅਦ ਅੱਤਵਾਦ ਦਾ ਮੁਕਾਬਲਾ ਕਰਨ ਵਿੱਚ ਅੰਤਰਰਾਸ਼ਟਰੀ ਸਹਿਯੋਗ ‘ਤੇ ਇੱਕ ਵੀਡੀਓ ਕਾਨਫ਼ਰੰਸ ਵਿੱਚ ਵਿਦੇਸ਼ ਮੰਤਰੀ ਨੇ ਕਿਹਾ, “ਹੁਣ ਸਮਾਂ ਆ ਗਿਆ ਹੈ ਕਿ ਸਾਰੇ ਦੇਸ਼ ਅੱਤਵਾਦ ਪ੍ਰਤੀ ਜ਼ੀਰੋ ਟਾਲਰੇਂਸ ਦੇ ਟੀਚੇ ਲਈ ਬੋਲਣ ਅਤੇ ਆਪਣੀ ਭੂਮਿਕਾ ਅਦਾ ਕਰਨ।” ਇਸ ਲੜਾਈ ਵਿਚ ਦੋਹਰੇ ਮਾਪਦੰਡ ਨਹੀਂ ਹੋਣੇ ਚਾਹੀਦੇ। ਅੱਤਵਾਦੀ ਅੱਤਵਾਦੀ ਹਨ। ਇੱਥੇ ਕੋਈ ਚੰਗਾ ਜਾਂ ਮਾੜਾ ਅੱਤਵਾਦ ਨਹੀਂ ਹੈ। ਇਸ ਭੇਦਭਾਵ ਦਾ ਪ੍ਰਚਾਰ ਕਰਨ ਵਾਲੇ ਲੋਕਾਂ ਦਾ ਇੱਕ ਏਜੰਡਾ ਹੁੰਦਾ ਹੈ ਅਤੇ ਜੋ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਦੇ ਹਨ ਉਹ ਵੀ ਅਪਰਾਧੀ ਹਨ।
ਵਿਦੇਸ਼ ਮੰਤਰੀ ਨੇ ਪਾਕਿਸਤਾਨ ਅਤੇ ਚੀਨ ਦੋਵਾਂ ਨੂੰ ਇਸ਼ਾਰਿਆਂ ਵਿੱਚ ਨਸੀਹਤ ਦਿੱਤੀ । ਸੰਯੁਕਤ ਰਾਸ਼ਟਰ ਵਿੱਚ ਵਿਦੇਸ਼ ਮੰਤਰੀ ਨੇ ਪਾਕਿਸਤਾਨ ਨੂੰ ਇਹ ਕਹਿੰਦੇ ਹੋਏ ਫਟਕਾਰ ਲਗਾਈ ਕਿ ਕੁਝ ਹੋਰ ਅਜਿਹੇ ਰਾਜ ਵੀ ਹਨ ਜੋ ਸਾਫ਼ ਤੌਰ ‘ਤੇ ਸਹਾਇਤਾ ਤੇ ਅੱਤਵਾਦ ਦਾ ਸਮਰਥਨ ਕਰਨ ਦੇ ਦੋਸ਼ੀ ਹਨ। ਇਹ ਅੱਤਵਾਦੀਆਂ ਨੂੰ ਜਾਣਬੁਝ ਕੇ ਵਿੱਤੀ ਸਹਾਇਤਾ ਅਤੇ ਸੁਰੱਖਿਅਤ ਜਗ੍ਹਾ ਪ੍ਰਦਾਨ ਕਰਦੇ ਹਨ। ਅੰਤਰਰਾਸ਼ਟਰੀ ਭਾਈਚਾਰੇ ਨੂੰ ਉਨ੍ਹਾਂ ਨੂੰ ਜਵਾਬਦੇਹ ਬਣਾਉਣਾ ਚਾਹੀਦਾ ਹੈ। ਸੰਯੁਕਤ ਰਾਸ਼ਟਰ ਦੀ 1267 ਕਮੇਟੀ ਨੇ ਅੰਤਰਰਾਸ਼ਟਰੀ ਅੱਤਵਾਦੀ ਦੇ ਰੂਪ ਵਿੱਚ ਪਾਕਿਸਤਾਨੀਆਂ ਦੀ ਸਭ ਤੋਂ ਵੱਡੀ ਗਿਣਤੀ ਨੂੰ ਸੂਚੀਬੱਧ ਕਰਦੀ ਹੈ। ਇਨ੍ਹਾਂ ਵਿੱਚ ਮਸੂਦ ਅਜ਼ਹਰ, ਹਾਫਿਜ਼ ਸਈਦ, ਜ਼ਕੀ ਉਰ ਰਹਿਮਾਨ ਲਖਵੀ ਸ਼ਾਮਿਲ ਹਨ, ਜਿਨ੍ਹਾਂ ਵਿਚੋਂ ਬਹੁਤ ਸਾਰੇ ਭਾਰਤ ਵਿੱਚ ਅੱਤਵਾਦੀ ਹਮਲਿਆਂ ਲਈ ਜ਼ਿੰਮੇਵਾਰ ਹਨ । ਇਸ ਵਿੱਚ 26/11 ਦਾ ਮੁੰਬਈ ਅੱਤਵਾਦੀ ਹਮਲਾ ਵੀ ਸ਼ਾਮਿਲ ਹੈ।
ਵਿਦੇਸ਼ ਮੰਤਰੀ ਨੇ ਅੱਠ ਬਿੰਦੂਆਂ ਵਾਲੀ ਕਾਰਜ ਯੋਜਨਾ ਵਿੱਚ ਦੱਸਿਆ ਕਿ ਅੱਤਵਾਦ ਅਤੇ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਵਿਚਾਲੇ ਸਬੰਧਾਂ ਨੂੰ ਪੂਰੀ ਤਰ੍ਹਾਂ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਸਖਤੀ ਨਾਲ ਇਸਦਾ ਮੁਕਾਬਲਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਅਸੀਂ 1993 ਦੇ ਬੰਬ ਧਮਾਕਿਆਂ ਲਈ ਜ਼ਿੰਮੇਵਾਰ ਸਿੰਡੀਕੇਟ ਨੂੰ ਵੇਖਿਆ ਹੈ। ਪਾਕਿਸਤਾਨ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਧਮਾਕਿਆਂ ਲਈ ਜ਼ਿੰਮੇਵਾਰ ਲੋਕਾਂ ਨੂੰ ਪਨਾਹ ਦਿੱਤੀ ਗਈ ਅਤੇ ਕੁਝ ਦੇਸ਼ਾਂ ਨੇ ਉਨ੍ਹਾਂ ਨੂੰ ਪੰਜ-ਸਿਤਾਰਾ ਪਰਾਹੁਣਚਾਰੀ ਦਿੱਤੀ । ਉਨ੍ਹਾਂ ਨੇ ਸੁਰੱਖਿਆ ਪਰਿਸ਼ਦ ਨੂੰ ਦੱਸਿਆ ਕਿ 1993 ਦੇ ਮੁੰਬਈ ਬੰਬ ਧਮਾਕਿਆਂ ਲਈ ਜ਼ਿੰਮੇਵਾਰ ਅਪਰਾਧਿਕ ਗਿਰੋਹ ਨਾ ਸਿਰਫ ਸਰਕਾਰੀ ਸੁਰੱਖਿਆ ਪ੍ਰਾਪਤ ਕਰ ਰਹੇ ਹਨ, ਬਲਕਿ ਪੰਜ ਤਾਰਾ ਦੀ ਮਹਿਮਾਨ ਨਿਵਾਜੀ ਦਾ ਆਨੰਦ ਵੀ ਲੈ ਰਹੇ ਹਨ।