Jammu and Kashmir encounter: ਸ੍ਰੀਨਗਰ: ਜੰਮੂ-ਕਸ਼ਮੀਰ ਵਿੱਚ ਸ਼ਨੀਵਾਰ ਨੂੰ ਭਾਰਤੀ ਫੌਜ ਨੇ ਅੱਤਵਾਦੀਆਂ ‘ਤੇ ਤੀਹਰਾ ਹਮਲਾ ਕੀਤਾ । ਭਾਰਤੀ ਸੁਰੱਖਿਆ ਬਲਾਂ ਨੇ ਪੁਲਵਾਮਾ, ਕੁਲਗਾਮ ਅਤੇ ਅਨੰਤਨਾਗ ਵਿੱਚ ਅੱਤਵਾਦੀਆਂ ਨੂੰ ਘੇਰ ਲਿਆ ਹੈ ਅਤੇ ਮੁਕਾਬਲਾ ਜਾਰੀ ਹੈ। ਅਨੰਤਨਾਗ ਅਤੇ ਕੁਲਗਾਮ ਵਿੱਚ ਦੋ ਅੱਤਵਾਦੀਆਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਹਨ । ਗੌਰਤਲਬ ਹੈ ਕਿ ਪਿਛਲੇ ਇਕ ਹਫਤੇ ਵਿੱਚ ਭਾਰਤੀ ਸੁਰੱਖਿਆ ਬਲਾਂ ਵੱਲੋਂ 20 ਅੱਤਵਾਦੀ ਮਾਰੇ ਗਏ ਹਨ ।
ਜਾਣਕਾਰੀ ਅਨੁਸਾਰ ਭਾਰਤੀ ਸੁਰੱਖਿਆ ਬਲਾਂ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਪੁਲਵਾਮਾ ਦੇ ਗੁਲਾਬ ਬਾਗ ਤ੍ਰਾਲ, ਕੁਲਗਾਮ ਦੇ ਨਿਪੋਰਾ ਅਤੇ ਅਨੰਤਨਾਗ ਦੇ ਲਲਨ ਖੇਤਰ ਵਿੱਚ ਇੱਕ ਵੱਡੀ ਸਾਜਿਸ਼ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ । ਖੁਫੀਆ ਜਾਣਕਾਰੀ ਦੇ ਅਧਾਰ ‘ਤੇ ਭਾਰਤੀ ਸੁਰੱਖਿਆ ਬਲਾਂ ਨੇ ਸਥਾਨਕ ਪੁਲਿਸ ਅਤੇ ਸੀਆਰਪੀਐਫ ਦੇ ਨਾਲ ਇੱਕ ਸਾਂਝੀ ਟੀਮ ਬਣਾਈ ਅਤੇ ਤਿੰਨਾਂ ਖੇਤਰਾਂ ਨੂੰ ਮਿਲ ਕੇ ਘੇਰਣਾ ਸ਼ੁਰੂ ਕਰ ਦਿੱਤਾ । ਜਦੋਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਤਾਂ ਅੱਤਵਾਦੀਆਂ ਨੇ ਆਪਣੇ ਆਪ ਨੂੰ ਘਿਰਿਆ ਦੇਖ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ ।
ਮਿਲੀ ਜਾਣਕਾਰੀ ਅਨੁਸਾਰ ਅਨੰਤਨਾਗ ਅਤੇ ਕੁਲਗਾਮ ਵਿੱਚ ਦੋ-ਦੋ ਅੱਤਵਾਦੀ ਮਾਰੇ ਜਾ ਚੁੱਕੇ ਹਨ, ਜਦਕਿ 3 ਅੱਤਵਾਦੀ ਗੁਲਾਬ ਬਾਗ ਤ੍ਰਾਲ ਦੇ ਇੱਕ ਘਰ ਵਿੱਚ ਲੁਕੇ ਹੋਣ ਦੀ ਖ਼ਬਰ ਹੈ। ਦੋਵਾਂ ਪਾਸਿਆਂ ਤੋਂ ਲਗਾਤਾਰ ਫਾਇਰਿੰਗ ਕੀਤੀ ਜਾ ਰਹੀ ਹੈ । ਉੱਥੇ ਦੂਜੇ ਪਾਸੇ ਜੰਮੂ-ਕਸ਼ਮੀਰ ਦੇ ਸ਼ੋਪੀਆਂ ਵਿੱਚ ਇੱਕ ਅੱਤਵਾਦੀ ਦੀ ਗ੍ਰਿਫਤਾਰੀ ਹੋਣ ਦੀ ਜਾਣਕਾਰੀ ਹੈ । ਦੱਸਿਆ ਜਾ ਰਿਹਾ ਹੈ ਕਿ ਫੜਿਆ ਗਿਆ ਅੱਤਵਾਦੀ ਹਾਲ ਹੀ ਵਿੱਚ ਅੱਤਵਾਦੀ ਸੰਗਠਨ ਵਿੱਚ ਸ਼ਾਮਿਲ ਹੋਇਆ ਸੀ ।
ਦੱਸ ਦੇਈਏ ਕਿ ਹਾਲ ਹੀ ਵਿੱਚ ਅਧਿਕਾਰੀਆਂ ਨੇ ਕਿਹਾ ਸੀ ਕਿ ਇਸ ਸਾਲ ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਬਲਾਂ 101 ਅੱਤਵਾਦੀਆਂ ਨੂੰ ਢੇਰ ਕਰ ਚੁੱਕੇ ਹਨ ਅਤੇ ਦੱਖਣੀ ਕਸ਼ਮੀਰ ਵਿੱਚ 125 ਹੋਰ ਅੱਤਵਾਦੀਆਂ ਨੂੰ ਮਾਰਨ ‘ਤੇ ਧਿਆਨ ਕੇਂਦ੍ਰਤ ਕਰ ਰਹੇ ਹਨ, ਜਿਨ੍ਹਾਂ ਵਿੱਚ 25 ਵਿਦੇਸ਼ੀ ਸ਼ਾਮਿਲ ਹਨ ।