Jammu And Kashmir Police Said: ਸ਼੍ਰੀਨਗਰ: ਜੰਮੂ-ਕਸ਼ਮੀਰ ਪੁਲਿਸ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਪੁਲਵਾਮਾ ਜ਼ਿਲ੍ਹੇ ਦੇ ਤ੍ਰਾਲ ਖੇਤਰ ਵਿੱਚ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀਆਂ ਦੀ ਹੁਣ ਕੋਈ ਮੌਜੂਦਗੀ ਨਹੀਂ ਹੈ। 1989 ਵਿੱਚ ਘਾਟੀ ਵਿੱਚ ਅੱਤਵਾਦ ਦੇ ਫੈਲਣ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ । ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਤ੍ਰਾਲ ਦੇ ਚੇਵਾ ਉਲਾਰ ਇਲਾਕੇ ਵਿੱਚ ਸੁਰੱਖਿਆ ਬਲਾਂ ਨਾਲ ਰਾਤ ਭਰ ਹੋਏ ਮੁਕਾਬਲੇ ਵਿੱਚ ਤਿੰਨ ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਪੁਲਿਸ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ।
ਕਸ਼ਮੀਰ ਦੇ ਇੰਸਪੈਕਟਰ ਜਨਰਲ ਆਫ਼ ਪੁਲਸ (IGP) ਵਿਜੈ ਕੁਮਾਰ ਨੇ ਕਸ਼ਮੀਰ ਖੇਤਰ ਪੁਲਿਸ ਦੇ ਆਧਿਕਾਰਕ ਟਵਿੱਟਰ ਹੈਂਡਲ ‘ਤੇ ਇੱਕ ਟਵੀਟ ਵਿੱਚ ਕਿਹਾ, ‘‘ਅੱਜ ਦੀ ਸਫਲ ਮੁਹਿੰਮ ਤੋਂ ਬਾਅਦ, ਤ੍ਰਾਲ ਖੇਤਰ ਵਿੱਚ ਹੁਣ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀਆਂ ਦੀ ਮੌਜੂਦਗੀ ਨਹੀਂ ਹੈ । ਇਹ 1989 ਤੋਂ ਬਾਅਦ ਪਹਿਲੀ ਵਾਰ ਹੋਇਆ ਹੈ । ਜ਼ਿਕਰਯੋਗ ਹੈ ਕਿ ਕਸ਼ਮੀਰ ਵਿੱਚ ਅੱਤਵਾਦ ਫੈਲਣ ਤੋਂ ਬਾਅਦ ਇੱਥੇ ਹਿਜ਼ਬੁਲ ਮੁਜਾਹਿਦੀਨ ਦਾ ਦਬਦਬਾ ਸੀ । ਘਾਟੀ ਵਿੱਚ ਇਸਦੇ ਕਈ ਹਜ਼ਾਰ ਕੈਡਰ ਸਨ । ਬੁਰਹਾਨ ਵਾਨੀ ਅਤੇ ਜ਼ਾਕੀਰ ਮੂਸਾ ਸਮੇਤ ਸੰਗਠਨ ਦੇ ਕਈ ਚੋਟੀ ਦੇ ਕਮਾਂਡਰ ਤ੍ਰਾਲ ਖੇਤਰ ਤੋਂ ਸਨ ।
ਦੱਸ ਦੇਈਏ ਕਿ ਅੰਤਰਰਾਸ਼ਟਰੀ ਸੀਮਾ ‘ਤੇ 2014 ਤੋਂ 15 ਜੂਨ, 2020 ਦੇ ਵਿਚਕਾਰ ਘੁਸਪੈਠ ਦੀਆਂ ਕੁੱਲ 14 ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਗਿਆ ਅਤੇ ਜਦੋਂਕਿ ਪਾਕਿਸਤਾਨ ਤੋਂ ਭਾਰਤ ਦੇ ਖੇਤਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋਏ 25 ਅੱਤਵਾਦੀਆਂ ਦੀਆਂ ਯੋਜਨਾਵਾਂ ਨੂੰ ਵੀ ਅਸਫਲ ਕਰ ਦਿੱਤਾ ਗਿਆ । ਇਹ ਸਾਰੀਆਂ ਘੁਸਪੈਠ ਦੀਆਂ ਕੋਸ਼ਿਸ਼ਾਂ ਜੰਮੂ-ਕਸ਼ਮੀਰ, ਪੰਜਾਬ ਅਤੇ ਰਾਜਸਥਾਨ ਦੀਆਂ ਸਰਹੱਦਾਂ ਨਾਲ ਹੋਈਆਂ । ਜੰਮੂ-ਕਸ਼ਮੀਰ ਵਿੱਚ ਘੁਸਪੈਠ ਦੇ ਮਾਮਲੇ ਵੱਧ ਅਤੇ ਰਾਜਸਥਾਨ ਵਿਚ ਘੱਟ ਗਿਣਤੀ ਵਿੱਚ ਘੁਸਪੈਠ ਦੇ ਕੇਸ ਦਰਜ ਕੀਤੇ ਗਏ ਹਨ।