ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੀ ਰਫ਼ਤਾਰ ਘੱਟ ਗਈ ਹੈ। ਜਿਸਦੇ ਮੱਦੇਨਜ਼ਰ ਸੂਬਾ ਸਰਕਾਰਾਂ ਵੱਲੋਂ ਪਾਬੰਦੀਆਂ ਵਿੱਚ ਛੋਟ ਦਿੱਤੀ ਜਾ ਰਹੀ ਹੈ। ਇਸੇ ਵਿਚਾਲੇ ਹੁਣ ਜੰਮੂ-ਕਸ਼ਮੀਰ ਪ੍ਰਸ਼ਾਸਨ ਵੱਲੋਂ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਨੂੰ 31 ਜੁਲਾਈ ਤੱਕ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ ।
ਇਸ ਸਬੰਧੀ ਮੁੱਖ ਸਕੱਤਰ ਅਰੁਣ ਕੁਮਾਰ ਮਹਿਤਾ ਦੀ ਪ੍ਰਧਾਨਗੀ ਹੇਠ ਆਫ਼ਤ ਪ੍ਰਬੰਧਨ ਵਿਭਾਗ ਦੀ ਸੂਬਾ ਕਾਰਜਕਾਰੀ ਕਮੇਟੀ ਨੇ ਐਤਵਾਰ ਨੂੰ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ । ਹਾਲਾਂਕਿ, ਕੋਰੋਨਾ ਦ੍ਰਿਸ਼ ਵਿੱਚ ਹੋਏ ਸੁਧਾਰ ਦੇ ਮੱਦੇਨਜ਼ਰ ਬਾਰ ਅਤੇ ਰੈਸਟੋਰੈਂਟ ਨੂੰ ਸਵੇਰੇ 7 ਵਜੇ ਤੋਂ ਰਾਤ 10 ਵਜੇ ਤੱਕ ਕੁੱਲ ਸਮਰੱਥਾ ਦੇ 50 ਪ੍ਰਤੀਸ਼ਤ ਤੱਕ ਖੋਲ੍ਹਣ ਦੀ ਆਗਿਆ ਜਾਰੀ ਕੀਤੀ ਗਈ ਹੈ।
ਇਸ ਤੋਂ ਇਲਾਵਾ ਰਾਜ ਦੇ 16 ਜ਼ਿਲ੍ਹਿਆਂ ਜਿਨ੍ਹਾਂ ਵਿੱਚ ਜੰਮੂ, ਕਠੂਆ, ਸਾਂਬਾ, ਪੁੰਛ, ਰਾਜੋਰੀ, ਕਿਸ਼ਤਵਾੜ, ਰਾਮਬਨ, ਊਧਮਪੁਰ, ਅਨੰਤਨਾਗ, ਬਾਂਦੀਪੋਰਾ, ਬਾਰਾਮੂਲਾ, ਬਡਗਾਮ, ਗਾਂਦਰਬਲ, ਪੁਲਵਾਮਾ, ਕੁਲਗਾਮ ਅਤੇ ਸ਼ੋਪੀਆਂ ਨੂੰ ਵੀਕੈਂਡ ਦੇ ਕਰਫਿਊ ਤੋਂ ਰਾਹਤ ਰਹੇਗੀ ।
ਹਾਲਾਂਕਿ ਰਾਤ 8 ਵਜੇ ਤੋਂ ਸਵੇਰੇ 7 ਵਜੇ ਤੱਕ ਨਾਈਟ ਕਰਫਿਊ ਜਾਰੀ ਰਹੇਗਾ । ਇਨਡੋਰ ਸਪੋਰਟਸ ਕੰਪਲੈਕਸ ਅਤੇ ਜਿਮ ਵੀ 50 ਫ਼ੀਸਦੀ ਸਮਰੱਥਾ ਨਾਲ ਵੈਕਸੀਨ ਲਗਵਾ ਚੁੱਕੇ ਜਾਂ ਨੈਗੇਟਿਵ ਰਿਪੋਰਟ ਲਿਆਉਣ ਵਾਲੇ ਲੋਕਾਂ ਲਈ ਖੁੱਲ੍ਹਿਆ ਕਰਨਗੇ।ਸਵੀਮਿੰਗ ਪੂਲ ਬੰਦ ਹੀ ਰਹਿਣਗੇ।
ਇਹ ਵੀ ਪੜ੍ਹੋ: ਅੱਤਵਾਦੀ ਹਮਲੇ ਨੂੰ ਲੈ ਕੇ ਬਿਹਾਰ ‘ਚ ਹਾਈ ਅਲਰਟ ਜ਼ਾਰੀ, ਬਾਰਡਰ-ਰੇਲਵੇ ਸਟੇਸ਼ਨ ‘ਤੇ ਵਧਾਈ ਗਈ ਸੁਰੱਖਿਆ
ਦੱਸ ਦੇਈਏ ਕਿ ਪਬਲਿਕ ਪਾਰਕ ਵੀ ਵੈਕਸੀਨ ਲਗਵਾ ਚੁੱਕੇ ਲੋਕਾਂ ਲਈ ਹੀ ਖੁੱਲ੍ਹਣਗੇ । ਬਾਰ ਅਤੇ ਰੈਸਟੋਰੈਂਟ ਵਿੱਚ ਵੀ ਵੈਕਸੀਨ ਲਗਵਾ ਚੁੱਕੇ ਲੋਕਾਂ ਅਤੇ ਰੈਪਿਡ ਐਂਟੀਜ਼ਨ ਜਾਂ RT-PCR ਨੈਗੇਟਿਵ ਰਿਪੋਰਟ ਜੋ ਕਿ 48 ਘੰਟਿਆਂ ਤੋਂ ਜ਼ਿਆਦਾ ਪੁਰਾਣੀ ਨਹੀਂ ਹੋਵੇਗੀ ਉਨ੍ਹਾਂ ਨੂੰ ਹੀ ਦਾਖਲੇ ਦੀ ਆਗਿਆ ਦਿੱਤੀ ਜਾਵੇਗੀ।