ਜੰਮੂ-ਕਸ਼ਮੀਰ ਵਿੱਚ ਭਾਰੀ ਬਰਫ਼ਬਾਰੀ ਹੋਈ ਹੈ। ਜਿਸਦੇ ਚੱਲਦਿਆਂ ਕੁਪਵਾੜਾ ਜ਼ਿਲ੍ਹੇ ਦੇ ਕਰਨਾਹ, ਜੇਡ ਗਲੀ ਤੇ ਮਾਛਿਲ ਵਿੱਚ ਮੌਸਮ ਠੰਡਾ ਹੋ ਗਿਆ ਹੈ। ਇਸਦੇ ਨਾਲ ਹੀ ਅਮਰਨਾਥ ਗੁਫਾ ਦੇ ਆਸ-ਪਾਸ ਵੀ ਭਾਰੀ ਬਰਫ਼ਬਾਰੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬਰਫ਼ਬਾਰੀ ਦੇ ਚੱਲਦਿਆਂ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਸਥਿਤ ਪ੍ਰਸਿੱਧ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਵੀ ਸਰਦੀਆਂ ਲਈ ਐਤਵਾਰ ਨੂੰ ਬੰਦ ਕਰ ਦਿੱਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਟਰੱਸਟ ਨੇ ਕਿਹਾ ਕਿ ਸਵੇਰੇ 10 ਵਜੇ ਸੁਖਮਨੀ ਸਾਹਿਬ ਦਾ ਪਾਠ ਹੋਇਆ।
ਜਿਸ ਤੋਂ ਬਾਅਦ ਕੀਰਤਨ ਤੇ ਅਰਦਾਸ ਤੋਂ ਬਾਅਦ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁਖਾਸਨ ਸਥਾਨ ‘ਤੇ ਲਿਜਾਇਆ ਗਿਆ। ਕਪਾਟ ਬੰਦ ਹੋਣ ਸਮੇਂ ਭਾਰੀ ਠੰਡ ਹੋਣ ਦੇ ਬਾਵਜੂਦ ਉੱਥੇ 1800 ਸ਼ਰਧਾਲੂ ਮੌਜੂਦ ਸਨ।
ਇਹ ਵੀ ਪੜ੍ਹੋ: ਵੱਡੀ ਖਬਰ : ਹਰੀਸ਼ ਰਾਏ ਚੌਧਰੀ ਬਣ ਸਕਦੇ ਹਨ ਪੰਜਾਬ ਕਾਂਗਰਸ ਦੇ ਇੰਚਾਰਜ
ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਚਾਰਧਾਮ ਦੀ ਯਾਤਰਾ ਦੀ ਤਰ੍ਹਾਂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਵੀ ਦੇਰੀ ਨਾਲ ਸ਼ੁਰੂ ਹੋਈ। ਲਗਭਗ 4.633 ਮੀਟਰ ਦੀ ਉੱਚਾਈ ‘ਤੇ ਸਥਿਤ ਸ੍ਰੀ ਹੇਮਕੁੰਟ ਸਾਹਿਬ ਇਸ ਸਾਲ ਮੱਥਾ ਟੇਕਣ ਲਈ 11 ਹਜ਼ਾਰ ਦੇ ਕਰੀਬ ਸ਼ਰਧਾਲੂ ਪਹੁੰਚੇ।