Jawan martyred one terrorist killed: ਸ੍ਰੀਨਗਰ: ਜੰਮੂ ਕਸ਼ਮੀਰ ਦੇ ਪੁਲਵਾਮਾ ਦੇ ਗੁਸੋ ਸੈਕਟਰ ਵਿੱਚ ਮੰਗਲਵਾਰ ਸਵੇਰ ਤੋਂ ਹੀ ਭਾਰਤੀ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ ਹੈ। ਇਸ ਮੁੱਠਭੇੜ ਵਿੱਚ ਇੱਕ ਅੱਤਵਾਦੀ ਢੇਰ ਹੋ ਗਿਆ, ਜਦਕਿ ਸੁਰੱਖਿਆ ਬਲਾਂ ਦੇ ਦੋ ਜਵਾਨ ਜਖਮੀ ਹੋ ਗਏ । ਉਸ ਮੁੱਠਭੇੜ ਦੌਰਾਨ ਹੋਈ ਫ਼ਾਇਰਿੰਗ ਵਿੱਚ ਜ਼ਖਮੀ ਹੋਏ ਦੋ ਜਵਾਨਾਂ ਵਿੱਚੋਂ ਇੱਕ ਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ ਜਦਕਿ ਦੂਜੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ । ਦੱਸਿਆ ਜਾ ਇਹ ਹੈ ਕਿ ਸੁਰੱਖਿਆ ਬਲਾਂ ਨੇ ਗੁਸੋ ਦੇ ਇੱਕ ਘਰ ਵਿੱਚ ਤਿੰਨ ਅੱਤਵਾਦੀਆਂ ਨੂੰ ਘੇਰ ਲਿਆ ਹੈ ਅਤੇ ਦੋਵਾਂ ਪਾਸਿਆਂ ਤੋਂ ਫਾਇਰਿੰਗ ਚੱਲ ਰਹੀ ਹੈ ।
ਸੁਰੱਖਿਆ ਬਲਾਂ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਜੰਮੂ-ਕਸ਼ਮੀਰ ਦੇ ਪੁਲਵਾਮਾ ਦੇ ਗੁਸੋ ਸੈਕਟਰ ਵਿੱਚ ਕੁਝ ਅੱਤਵਾਦੀ ਲੁਕੇ ਹੋਏ ਸਨ। ਖ਼ਬਰ ਇਹ ਸੀ ਕਿ ਅੱਤਵਾਦੀ ਇੱਕ ਘਰ ਵਿੱਚ ਲੁਕ ਕੇ ਇੱਕ ਵੱਡੀ ਸਾਜਿਸ਼ ਨੂੰ ਅੰਜ਼ਾਮ ਦੇਣ ਦੀ ਯੋਜਨਾ ਤਿਆਰ ਕਰ ਰਹੇ ਹਨ । ਜਾਣਕਾਰੀ ਦੇ ਅਧਾਰ ‘ਤੇ ਸੈਨਾ ਨੇ ਸਥਾਨਕ ਪੁਲਿਸ ਅਤੇ ਸੀਆਰਪੀਐਫ ਦੇ ਇੱਕ ਸਮੂਹ ਦੇ ਨਾਲ ਇੱਕ ਟੀਮ ਬਣਾਈ ਅਤੇ ਇਲਾਕੇ ਨੂੰ ਘੇਰਨਾ ਸ਼ੁਰੂ ਕਰ ਦਿੱਤਾ ।
ਦੱਸ ਦੇਈਏ ਕਿ ਆਪਣੇ ਆਪ ਨੂੰ ਘਿਰਿਆ ਵੇਖ ਕੇ ਅੱਤਵਾਦੀਆਂ ਨੇ ਘਰ ਦੇ ਅੰਦਰੋਂ ਫਾਇਰਿੰਗ ਸ਼ੁਰੂ ਕਰ ਦਿੱਤੀ । ਇਸ ਘਟਨਾ ਵਿੱਚ ਫੌਜ ਦਾ ਜਵਾਨ ਅਤੇ ਜੰਮੂ-ਕਸ਼ਮੀਰ ਦਾ ਇੱਕ ਪੁਲਿਸ ਜਵਾਨ ਜ਼ਖਮੀ ਹੋ ਗਿਆ ਹੈ । ਜ਼ਖਮੀਆਂ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਇੱਕ ਜਵਾਨ ਸ਼ਹੀਦ ਹੋ ਗਿਆ । ਭਾਰਤੀ ਸੁਰੱਖਿਆ ਬਲਾਂ ਨੇ ਸਾਰੇ ਇਲਾਕੇ ਨੂੰ ਘੇਰ ਲਿਆ ਹੈ।