ਜੰਮੂ-ਕਸ਼ਮੀਰ ਵਿੱਚ ਪੱਥਰਬਾਜ਼ਾਂ ਵਿਰੁੱਧ ਸਖਤ ਐਕਸ਼ਨ ਲਿਆ ਗਿਆ ਹੈ। ਪੱਥਰਬਾਜ਼ੀ ਵਰਗੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਰਹੇ ਨੌਜਵਾਨਾਂ ਨੂੰ ਨਾ ਤਾਂ ਸਰਕਾਰੀ ਨੌਕਰੀ ਮਿਲੇਗੀ ਅਤੇ ਨਾ ਹੀ ਉਨ੍ਹਾਂ ਦੇ ਪਾਸਪੋਰਟਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇਗੀ ।
ਇਸ ਸਬੰਧ ਵਿੱਚ ਕਸ਼ਮੀਰ ਸੀਆਈਡੀ ਨੇ ਇੱਕ ਸਰਕੂਲਰ ਜਾਰੀ ਕੀਤਾ ਹੈ । ਇਸ ਸਰਕੂਲਰ ਵਿੱਚ ਕਿਹਾ ਗਿਆ ਹੈ ਕਿ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਲੋਕਾਂ ਨੂੰ ਸੁਰੱਖਿਆ ਮਨਜ਼ੂਰੀ ਨਾ ਦਿੱਤੀ ਜਾਵੇ।
ਇਹ ਵੀ ਪੜ੍ਹੋ: ਓਲੰਪਿਕ ‘ਚ ਭਾਰਤੀ ਮਹਿਲਾ ਹਾਕੀ ਟੀਮ ਨੇ ਰਚਿਆ ਇਤਿਹਾਸ, ਪਹਿਲੀ ਵਾਰ ਕੁਆਟਰ ਫਾਈਨਲ ‘ਚ ਬਣਾਈ ਥਾਂ
ਦਰਅਸਲ, ਕਸ਼ਮੀਰ ਸੀਆਈਡੀ ਦੇ ਐਸਐਸਪੀ ਵੱਲੋਂ ਇਹ ਸਰਕੂਲਰ ਜਾਰੀ ਕੀਤਾ ਹੈ। ਇਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਪਾਸਪੋਰਟ, ਸਰਕਾਰੀ ਨੌਕਰੀ ਜਾਂ ਸਰਕਾਰੀ ਯੋਜਨਾਵਾਂ ਨਾਲ ਜੁੜੇ ਮਾਮਲਿਆਂ ਵਿੱਚ ਜੇ ਕਿਸੇ ਵਿਅਕਤੀ ਦੀ ਸੁਰੱਖਿਆ ਮਨਜ਼ੂਰੀ ਦੀ ਰਿਪੋਰਟ ਤਿਆਰ ਕੀਤੀ ਜਾਂਦੀ ਹੈ, ਤਾਂ ਉਸ ਸਮੇਂ ਇਸ ਗੱਲ ਦਾ ਧਿਆਨ ਵੀ ਰੱਖਿਆ ਜਾਣਾ ਚਾਹੀਦਾ ਹੈ ਕਿ ਉਹ ਵਿਅਕਤੀ ਪੱਥਰਬਾਜ਼ੀ, ਕਾਨੂੰਨ-ਵਿਵਸਥਾ ਭੰਗ ਕਰਨ ਜਾਂ ਕਿਸੇ ਦੂਜੇ ਅਪਰਾਧ ਵਿੱਚ ਸ਼ਾਮਿਲ ਨਾ ਰਿਹਾ ਹੋਵੇ। ਜੇ ਕੋਈ ਅਜਿਹਾ ਪਾਇਆ ਜਾਂਦਾ ਹੈ, ਤਾਂ ਉਸਨੂੰ ਸੁਰੱਖਿਆ ਮਨਜ਼ੂਰੀ ਨਹੀਂ ਦਿੱਤੀ ਜਾਣੀ ਚਾਹੀਦੀ।
ਇਸ ਤੋਂ ਇਲਾਵਾ ਇਸ ਸਰਕੂਲਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਜਿਹੇ ਵਿਅਕਤੀਆਂ ਦੀ ਪਛਾਣ ਲਈ ਸਬੰਧਿਤ ਪੁਲਿਸ ਸਟੇਸ਼ਨ ਤੋਂ ਰਿਪੋਰਟ ਵੀ ਲਈ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸੁਰੱਖਿਆ ਏਜੰਸੀਆਂ ਅਤੇ ਪੁਲਿਸ ਕੋਲ ਅਜਿਹੇ ਲੋਕਾਂ ਦੀਆਂ ਸੀਸੀਟੀਵੀ ਫੁਟੇਜ, ਤਸਵੀਰਾਂ, ਵੀਡੀਓਜ਼, ਆਡੀਓ ਰਾਹੀਂ ਲਈਆਂ ਗਈਆਂ ਫੋਟੋਆਂ ਹੁੰਦੀਆਂ ਹਨ, ਉਨ੍ਹਾਂ ਦੀ ਮਦਦ ਵੀ ਲਈ ਜਾਣੀ ਚਾਹੀਦੀ ਹੈ।