J&K DDC Polls: ਜੰਮੂ-ਕਸ਼ਮੀਰ ਵਿੱਚ ਜ਼ਿਲ੍ਹਾ ਵਿਕਾਸ ਪਰਿਸ਼ਦ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਹੁਣ ਤੱਕ ਕੁੱਲ 280 ਸੀਟਾਂ ਵਿਚੋਂ 273 ਦੇ ਨਤੀਜੇ ਸਾਹਮਣੇ ਆ ਚੁੱਕੇ ਹਨ । ਫਾਰੂਕ ਅਬਦੁੱਲਾ ਦੀ ਅਗਵਾਈ ਵਾਲੇ ਗੁਪਕਾਰ ਗਠਬੰਧਨ ਨੇ 140 ਸੀਟਾਂ ਜਿੱਤੀਆਂ ਹਨ। ਇਸ ਦੇ ਨਾਲ ਹੀ ਭਾਜਪਾ ਹੁਣ ਤੱਕ ਦੀ ਗਿਣਤੀ ਵਿੱਚ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ। ਹੁਣ ਤੱਕ ਭਾਜਪਾ ਦੇ ਖਾਤੇ ਵਿੱਚ 74 ਸੀਟਾਂ ਆ ਚੁੱਕੀਆਂ ਹਨ।
ਉੱਥੇ ਹੀ ਆਜ਼ਾਦ ਉਮੀਦਵਾਰਾਂ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ । ਆਜ਼ਾਦ ਉਮੀਦਵਾਰਾਂ ਦੇ ਖਾਤੇ ਵਿੱਚ ਹੁਣ ਤੱਕ 49 ਸੀਟਾਂ ਆਈਆਂ ਹਨ। ਇਸ ਤੋਂ ਇਲਾਵਾ ਕਾਂਗਰਸ ਨੂੰ 25 ਸੀਟਾਂ ਮਿਲੀਆਂ ਹਨ । ਭਾਜਪਾ ਦਾ ਪ੍ਰਦਰਸ਼ਨ ਕਸ਼ਮੀਰ ਘਾਟੀ ਨਾਲੋਂ ਜੰਮੂ ਖੇਤਰ ਵਿੱਚ ਵਧੀਆ ਰਿਹਾ ਹੈ। ਗੁਪਕਾਰ ਗੱਠਜੋੜ ਡੀਡੀਸੀ ਚੋਣਾਂ ਨੂੰ ਧਾਰਾ 370 ਨੂੰ ਹਟਾਏ ਜਾਣ ‘ਤੇ ਜਨਮਤ ਵਜੋਂ ਵੇਖ ਰਿਹਾ ਹੈ।
ਇਹ ਪਹਿਲਾ ਮੌਕਾ ਹੈ ਜਦੋਂ ਕਸ਼ਮੀਰ ਘਾਟੀ ਵਿੱਚ ਪੀਡੀਪੀ ਅਤੇ ਅਜ਼ਾਦ ਖਿਲਾਫ ਭਾਜਪਾ ਨੂੰ ਜਿੱਤ ਮਿਲੀ ਹੈ। ਭਾਜਪਾ ਨੂੰ ਘਾਟੀ ਵਿੱਚ ਤਿੰਨ ਸੀਟਾਂ ਮਿਲੀਆਂ ਹਨ । ਘਾਟੀ ਵਿੱਚ ਮਿਲੀ ਜਿੱਤ ਤੋਂ ਖੁਸ਼ ਭਾਜਪਾ ਦੇ ਜਨਰਲ ਸਕੱਤਰ ਵਿਬੋਧ ਗੁਪਤਾ ਨੇ ਪਾਰਟੀ ਦੇ ਜੇਤੂ ਉਮੀਦਵਾਰਾਂ, ਖਾਸ ਕਰਕੇ ਘਾਟੀ ਦੇ ਉਮੀਦਵਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਘਾਟੀ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਤੇ ਭਰੋਸਾ ਜਤਾਇਆ ਹੈ।
ਇਸ ਸਬੰਧੀ ਸੀਨੀਅਰ ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ, “ਸ੍ਰੀਨਗਰ ਤੋਂ ਭਾਜਪਾ ਦੇ ਤਿੰਨ ਉਮੀਦਵਾਰਾਂ ਨੂੰ ਜਿੱਤ ਮਿਲੀ ਹੈ । ਇਹ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਕੇਂਦਰੀ ਸ਼ਾਸਤ ਪ੍ਰਦੇਸ਼ ਦੇ ਵਿਕਾਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਜ਼ਰ ‘ਤੇ ਵਿਸ਼ਵਾਸ ਹੈ।” ਪਰ, ਪੀਡੀਪੀ ਪ੍ਰਧਾਨ ਮਹਿਬੂਬਾ ਮੁਫਤੀ ਅਤੇ ਐਨਸੀ ਦੇ ਉਪ ਪ੍ਰਧਾਨ ਫਾਰੂਕ ਅਬਦੁੱਲਾ ਨੇ ਕਿਹਾ ਕਿ ਡੀਡੀਸੀ ਚੋਣ ਨਤੀਜੇ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਜੰਮੂ-ਕਸ਼ਮੀਰ ਨੇ ਗੁਪਕਾਰ ਦੇ ਹੱਕ ਵਿੱਚ ਵੋਟ ਦਿੱਤੀ ਹੈ ਅਤੇ ਧਾਰਾ 370 ਨੂੰ ਹਟਾਉਣ ਦੇ ਕੇਂਦਰ ਦੇ ਫੈਸਲੇ ਨੂੰ ਠੁਕਰਾ ਦਿੱਤਾ ਹੈ।
ਦੱਸ ਦੇਈਏ ਕਿ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਡੀਡੀਸੀ ਦੀਆਂ ਚੋਣਾਂ 28 ਨਵੰਬਰ ਤੋਂ ਸ਼ੁਰੂ ਹੋ ਕੇ ਅੱਠ ਪੜਾਵਾਂ ਵਿੱਚ ਪੂਰੀਆਂ ਹੋਈਆਂ । ਅਗਸਤ, 2019 ਵਿੱਚ ਸੰਵਿਧਾਨ ਦੀ ਧਾਰਾ 370 ਦੇ ਖ਼ਤਮ ਕਰ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਰਾਜ ਦਾ ਦਰਜਾ ਖਤਮ ਕੀਤੇ ਤੋਂ ਬਾਅਦ ਰਾਜ ਵਿੱਚ ਇਹ ਪਹਿਲੀਆਂ ਚੋਣਾਂ ਹਨ।
ਇਹ ਵੀ ਦੇਖੋ: UP ਪੁਲਿਸ ਨਾਲ ਜਾ ਭਿੜੇ ਮਨਜਿੰਦਰ ਸਿਰਸਾ ਨੇ ਯੋਗੀ ਤੇ ਮੋਦੀ ਸਰਕਾਰ ਦਾ ਝੰਡ ਕੱਢ ਸੁੱਟਿਆ