18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਜਲਦ ਕੋਰੋਨਾ ਵੈਕਸੀਨ ਮਿਲਣ ਦੀ ਉਮੀਦ ਜਾਗੀ ਹੈ । ਫਾਰਮ ਕੰਪਨੀ ਜਾਨਸਨ ਐਂਡ ਜਾਨਸਨ ਨੇ ਭਾਰਤ ਵਿੱਚ ਵੈਕਸੀਨ ਦੇ ਟ੍ਰਾਇਲ ਦੇ ਲਈ ਭਾਰਤ ਸਰਕਾਰ ਤੋਂ ਆਗਿਆ ਮੰਗੀ ਹੈ।
ਕੰਪਨੀ 12 ਤੋਂ 17 ਸਾਲ ਤੱਕ ਦੇ ਬੱਚਿਆਂ ‘ਤੇ ਵੈਕਸੀਨ ਦਾ ਟ੍ਰਾਇਲ ਕਰੇਗੀ। ਉੱਥੇ ਹੀ ਕੇਂਦਰੀ ਸਿਹਤ ਮੰਤਰੀ ਮਨਮੁੱਖ ਮੰਡਾਵਿਆ ਨੇ ਵੀ ਕਿਹਾ ਹੈ ਕਿ ਬੱਚਿਆਂ ਲਈ ਵਿਕਸਿਤ ਕੀਤੀ ਜਾ ਰਹੀ ਵੈਕਸੀਨ ਦੇ ਨਤੀਜੇ ਅਗਲੇ ਮਹੀਨੇ ਤੱਕ ਆ ਸਕਦੇ ਹਨ।
ਇਹ ਵੀ ਪੜ੍ਹੋ: ਆਸਟ੍ਰੇਲੀਆ ‘ਚ ਵਧਿਆ ਕੋਰੋਨਾ ਦਾ ਪ੍ਰਕੋਪ, ਸਿਡਨੀ ‘ਚ ਸਤੰਬਰ ਤੱਕ ਵਧਾਇਆ ਗਿਆ ਲਾਕਡਾਊਨ
ਜ਼ਿਕਰਯੋਗ ਹੈ ਕਿ AIIMS ਨਿਰਦੇਸ਼ਕ ਡਾ. ਰਣਦੀਪ ਗੁਲੇਰੀਆ ਨੇ ਵੀ ਕੁਝ ਦਿਨ ਪਹਿਲਾਂ ਬਿਆਨ ਦਿੱਤਾ ਸੀ ਕਿ ਭਾਰਤ ਬਾਇਓਟੈਕ ਦੀ ਕੋਵੈਕਸੀਨ ਦੇ ਦੂਜੇ ਤੇ ਤੀਜੇ ਪੜਾਅ ਦੇ ਪ੍ਰੀਖਣਾਂ ਦੇ ਨਤੀਜੇ ਸਤੰਬਰ ਤੱਕ ਸਾਹਮਣੇ ਆ ਜਾਣਗੇ।
ਪੁਣੇ ਸਥਿਤ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ ਦੀ ਨਿਰਦੇਸ਼ਕ ਡਾ. ਪ੍ਰਿਆ ਅਬਰਾਹਿਮ ਨੇ ਦੱਸਿਆ ਕਿ ਬੱਚਿਆਂ ਨੂੰ ਲੈ ਕੇ ਫਿਲਹਾਲ ਕੋਵੈਕਸੀਨ ਦਾ ਪ੍ਰੀਖਣ ਚੱਲ ਰਿਹਾ ਹੈ। ਇਸ ਗੱਲ ਦੀ ਪੂਰੀ ਉਮੀਦ ਹੈ ਕਿ ਸਤੰਬਰ ਦੇ ਅੰਤ ਜਾਂ ਅਕਤੂਬਰ ਦੀ ਸ਼ੁਰੂਆਤ ਵਿੱਚ ਬੱਚਿਆਂ ਲਈ ਵੈਕਸੀਨ ਉਪਲਬਧ ਹੋਵੇਗੀ।
ਡਾ. ਪ੍ਰਿਆ ਨੇ ਦੱਸਿਆ ਕਿ ਨੱਕ ਤੋਂ ਦਿੱਤੀ ਜਾਣ ਵਾਲੀ ਵੈਕਸੀਨ ਅਤੇ ਜੇਨੋਵਾ ਵੀ ਆਉਣ ਵਾਲੀ ਹੈ। ਜੇਨੋਵਾ ਵੈਕਸੀਨ MRNA ‘ਤੇ ਅਧਾਰਿਤ ਹੈ। ਇਸ ਤੋਂ ਇਲਾਵਾ ਕੋਵੈਕਸ ਵੀ ਜਲਦੀ ਮਿਲ ਸਕਦੀ ਹੈ। ਇਸ ਵੈਕਸੀਨ ਦੇ ਆਉਣ ਤੋਂ ਬਾਅਦ ਟੀਕਾਕਰਨ ਵਿੱਚ ਕਾਫ਼ੀ ਤੇਜ਼ੀ ਆ ਸਕਦੀ ਹੈ। ਇੱਕ ਵਾਰ ਵਿੱਚ 100 ਤੋਂ 200 ਲੋਕਾਂ ਨੂੰ ਮਹਿਜ਼ ਇੱਕ ਤੋਂ ਦੋ ਘੰਟਿਆਂ ਵਿਚਾਲੇ ਵੈਕਸੀਨ ਦਿੱਤੀ ਜਾ ਸਕਦੀ ਹੈ।