ਯੂਪੀ ਦੇ ਕਾਨਪੁਰ ਜ਼ਿਲ੍ਹੇ ਵਿੱਚ ਬੀਤੀ ਰਾਤ ਬੱਸ ਅਤੇ ਟੈਂਪੋ ਦੀ ਜ਼ੋਰਦਾਰ ਟੱਕਰ ਹੋ ਗਈ । ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ਹਾਦਸੇ ਵਿੱਚ 17 ਲੋਕਾਂ ਦੀ ਮੌਤ ਹੋ ਗਈ । ਇਸ ਤੋਂ ਇਲਾਵਾ ਇਸ ਹਾਦਸੇ ਵਿੱਚ ਚਾਰ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ । ਜ਼ਖਮੀਆਂ ਦਾ ਇਲਾਜ ਹੈਲੇਟ ਹਸਪਤਾਲ ਵਿਖੇ ਕੀਤਾ ਜਾ ਰਿਹਾ ਹੈ।
ਦਰਅਸਲ, ਇਹ ਦਿਲ ਦਹਿਲਾਉਣ ਵਾਲੀ ਇਹ ਘਟਨਾ ਮੰਗਲਵਾਰ ਰਾਤ 8.30 ਵਜੇ ਦੇ ਕਰੀਬ ਸਚੇਂਡੀ ਥਾਣਾ ਖੇਤਰ ਦੇ ਕਿਸਾਨ ਨਗਰ ਵਿੱਚ ਵਾਪਰੀ । ਬੇਕਾਬੂ ਹੋਈ ਬੱਸ ਨੇ ਬਿਸਕੁਟ ਫੈਕਟਰੀ ਦੇ ਸਾਹਮਣੇ ਟੈਂਪੂ ਨੂੰ ਟੱਕਰ ਮਾਰ ਦਿੱਤੀ । ਟੱਕਰ ਤੋਂ ਬਾਅਦ ਬੱਸ ਪੁਲ ਤੋਂ ਹੇਠਾਂ ਡਿੱਗ ਗਈ ।
ਇਸ ਹਾਦਸੇ ਤੋਂ ਤੁਰੰਤ ਬਾਅਦ ਰਾਹਤ ਅਤੇ ਬਚਾਅ ਕਾਰਜ ਚਲਾਇਆ ਗਿਆ । ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਪਰ ਉਦੋਂ ਤੱਕ 17 ਲੋਕਾਂ ਦੀ ਮੌਤ ਹੋ ਚੁੱਕੀ ਸੀ । ਦੱਸਿਆ ਜਾ ਰਿਹਾ ਹੈ ਕਿ ਇਹ ਬੱਸ ਉਨਾਓ ਤੋਂ ਗੁਜਰਾਤ ਦੇ ਰਾਜਕੋਟ ਜਾ ਰਹੀ ਸੀ । ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿੱਚ ਬਹੁਤੇ ਮਜ਼ਦੂਰ ਦੱਸੇ ਜਾ ਰਹੇ ਹਨ ।
ਚਸ਼ਮਦੀਦਾਂ ਦੇ ਅਨੁਸਾਰ ਕਲਿਆਣਪੁਰ ਬਲਾਕ ਦੇ ਲਾਲੇਪੁਰ ਅਤੇ ਈਸ਼ਵਰੀਗੰਜ ਦੇ ਮਜ਼ਦੂਰ ਇੱਕ ਬਿਸਕੁਟ ਫੈਕਟਰੀ ਵਿੱਚ ਕੰਮ ਕਰਨ ਜਾ ਰਹੇ ਸਨ । ਇਹ ਸਾਰੇ ਵਿਕਰਮ ਟੈਂਪੂ ਵਿੱਚ ਸਵਾਰ ਸਨ । ਠੇਕੇ ‘ਤੇ ਕੰਮ ਕਰਨ ਵਾਲੇ ਇਹ ਮਜ਼ਦੂਰ ਨਾਈਟ ਸ਼ਿਫਟ ਵਿੱਚ ਕੰਮ ਕਰਨ ਲਈ ਪਿੰਡ ਤੋਂ ਫੈਕਟਰੀ ਪਹੁੰਚਦੇ ਕਿ ਕੁਝ ਕਿਲੋਮੀਟਰ ਪਹਿਲਾਂ ਹੀ ਬੱਸ ਨਾਲ ਟੱਕਰ ਹੋ ਗਈ ।
ਦੱਸਿਆ ਜਾ ਰਿਹਾ ਹੈ ਕਿ ਟੈਂਪੂ ਗਲਤ ਸਾਈਡ ਜਾ ਰਿਹਾ ਸੀ । ਇਸ ਘਟਨਾ ਵਿੱਚ ਵੱਡੀ ਲਾਪਰਵਾਹੀ ਇਹ ਵੀ ਸਾਹਮਣੇ ਆਈ ਹੈ ਕਿ ਇੱਕ ਟੈਂਪੂ ਜਿਸ ਵਿੱਚ 7-8 ਲੋਕਾਂ ਦੇ ਬੈਠਣ ਦਾ ਬੈਠਣ ਦਾ ਪ੍ਰਬੰਧ ਹੁੰਦਾ ਹੈ, ਉਸ ਵਿੱਚ 16-17 ਲੋਕ ਭਰੇ ਹੋਏ ਸਨ।
ਦੱਸ ਦੇਈਏ ਕਿ ਭਿਆਨਕ ਸੜਕ ਹਾਦਸੇ ਵਿੱਚ ਹੋਈ ਮੌਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੁੱਖ ਜ਼ਾਹਿਰ ਕੀਤਾ ਹੈ । ਪ੍ਰਧਾਨ ਮੰਤਰੀ ਦਫਤਰ ਨੇ ਟਵੀਟ ਕਰਦਿਆਂ ਕਿਹਾ, “ਕਾਨਪੁਰ ਵਿੱਚ ਵਾਪਰਿਆ ਸੜਕ ਹਾਦਸਾ ਬੇਹੱਦ ਦੁਖਦ ਹੈ। ਇਸ ਹਾਦਸੇ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਗਈਆਂ ਹਨ । ਮੈਂ ਉਨ੍ਹਾਂ ਦੇ ਪਰਿਵਾਰਾਂ ਨਾਲ ਸੋਗ ਜ਼ਾਹਿਰ ਕਰਦਾ ਹਾਂ ਅਤੇ ਨਾਲ ਹੀ ਜ਼ਖਮੀਆਂ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕਰਦਾ ਹਾਂ ।” ਇਸ ਦੇ ਨਾਲ ਹੀ ਪੀਐਮ ਮੋਦੀ ਨੇ ਮੁਆਵਜ਼ੇ ਦਾ ਐਲਾਨ ਕੀਤਾ । ਬਿਆਨ ਦੇ ਅਨੁਸਾਰ ਇਸ ਭਿਆਨਕ ਹਾਦਸੇ ਵਿੱਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦਾ ਮੁਆਵਜ਼ਾ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚੋਂ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।
ਇਹ ਵੀ ਦੇਖੋ: ਰਹੱਸਮਈ ਕਹਾਣੀ, ਚੰਡੀਗੜ੍ਹ ਤੋਂ ਦਿੱਲੀ ਜਾਂਦਾ ਪਰਿਵਾਰ ਲਾਪਤਾ ! ਆਖਿਰ ਪਰਿਵਾਰ ਕਿੱਥੇ ਹੋਇਆ ਗਾਇਬ ?