ਦੇਸ਼ ਅੱਜ ਕਾਰਗਿਲ ਵਿਜੇ ਦਿਵਸ ਦੀ 22ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਭਾਰਤ ਦੇ ਬਹਾਦਰ ਜਵਾਨਾਂ ਨੇ ਪਾਕਿਸਤਾਨ ਨੂੰ ਜੋ ਕਰਾਰੀ ਮਾਤ ਦਿੱਤੀ ਸੀ, ਉਸ ਇਤਿਹਾਸ ਨੂੰ ਅੱਜ ਯਾਦ ਕਰਨ ਦਾ ਦਿਨ ਹੈ। ਇਸ ਮੌਕੇ ਦੇਸ਼ ਭਰ ਵਿੱਚ ਇਸ ਜੰਗ ਵਿੱਚ ਸ਼ਹੀਦ ਹੋਏ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ।
ਇਸ ਮੌਕੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੀ ਅੱਜ ਦ੍ਰਾਸ ਵਿੱਚ ਤੋਲੋਲਿੰਗ ਪਹਾੜੀ ਵਿਖੇ ਸਥਾਪਿਤ ਯੁੱਧ ਦੀ ਯਾਦਗਾਰ ’ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ।ਦਰਅਸਲ, ਕਾਰਗਿਲ ਵਿਜੇ ਦਿਵਸ ਦੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ ।
ਉਨ੍ਹਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਇੱਕ ਟਵੀਟ ਵਿੱਚ ਲਿਖਿਆ ਕਿ ਅਸੀਂ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹਾਂ। ਅਸੀਂ ਉਨ੍ਹਾਂ ਦੀ ਬਹਾਦਰੀ ਨੂੰ ਯਾਦ ਕਰਦੇ ਹਾਂ। ਅੱਜ ਕਾਰਗਿਲ ਵਿਜੇ ਦਿਵਸ ਮੌਕੇ ਅਸੀਂ ਉਨ੍ਹਾਂ ਸਾਰਿਆਂ ਨੂੰ ਸ਼ਰਧਾਂਜਲੀ ਦਿੰਦੇ ਹਾਂ ਜਿਨ੍ਹਾਂ ਨੇ ਦੇਸ਼ ਲਈ ਆਪਣੀ ਜਾਨ ਗਵਾ ਦਿੱਤੀ । ਉਨ੍ਹਾਂਦੀ ਬਹਾਦਰੀ ਸਾਨੂੰ ਹਰ ਦਿਨ ਪ੍ਰੇਰਿਤ ਕਰਦੀ ਹੈ ।
ਇਸ ਮੌਕੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਟਵੀਟ ਕਰ ਕੇ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, ‘ਤਿਰੰਗੇ ਦੀ ਸ਼ਾਨ ਵਿੱਚ ਆਪਣਾ ਜੀਵਨ ਕੁਰਬਾਨ ਕਰਨ ਵਾਲੇ ਹਰ ਫੌਜੀ ਨੂੰ ਦਿਲੋਂ ਸ਼ਰਧਾਂਜਲੀ। ਦੇਸ਼ ਦੀ ਸੁਰੱਖਿਆ ਲਈ ਤੁਹਾਡੇ ਅਤੇ ਤੁਹਾਡੇ ਪਰਿਵਾਰਾਂ ਦੀ ਇਸ ਮਹਾਨ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਾਂਗੇ। ਜੈ ਹਿੰਦ।”
ਇਸ ਤੋਂ ਇਲਾਵਾ ਕਾਰਗਿਲ ਵਿਜੇ ਦਿਵਸ ਮੌਕੇ ਭਾਰਤੀ ਫੌਜ ਵੱਲੋਂ ਵੀ ਇੱਕ ਖਾਸ ਟਵੀਟ ਕੀਤਾ ਗਿਆ ਹੈ। ਭਾਰਤੀ ਫੌਜ ਨੇ ਟਵਿੱਟਰ ‘ਤੇ ਕੁਝ ਲਾਈਨਾਂ ਸਾਂਝੀਆਂ ਕਰਦਿਆਂ ਲਿਖਿਆ, “ਕਾਰਗਿਲ ਦੀਆਂ ਚੋਟੀਆਂ ‘ਤੇ ਦੁਸ਼ਮਣਾਂ ਨੂੰ ਅਸੀਂ ਝੁਕਾਇਆ ਹੈ, ਹਿੰਦੇ ਦੇ ਵੀਰਾਂ ਨੇ ਆਪਣੇ ਖੂਨ ਨਾਲ ਤਿਰੰਗੇ ਨੂੰ ਫਹਿਰਾਇਆ ਹੈ।”
ਜ਼ਿਕਰਯੋਗ ਹੈ ਕਿ ਭਾਰਤ ਹਰ ਸਾਲ 26 ਜੁਲਾਈ ਨੂੰ ‘ਕਾਰਗਿਲ ਵਿਜੇ ਦਿਵਸ’ ਮਨਾਉਂਦਾ ਹੈ ਅਤੇ ਅੱਜ ਕਾਰਗਿਲ ਵਿਜੇ ਦਿਵਸ ਨੂੰ 22 ਸਾਲ ਪੂਰੇ ਹੋ ਗਏ ਹਨ । ਦੱਸ ਦੇਈਏ ਕਿ ਸੰਨ 1999 ਵਿੱਚ ਅੱਜ ਦੇ ਦਿਨ ਭਾਰਤੀ ਫੌਜ ਨੇ ਪਾਕਿਸਤਾਨ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੀ ।