kargil vijay diwas 2020: ਨਵੀਂ ਦਿੱਲੀ: ਪਾਕਿਸਤਾਨ ਨਾਲ ਯੁੱਧ ਤੋਂ ਬਾਅਦ ਭਾਰਤ ਨੂੰ ਕਾਰਗਿਲ ਵਿੱਚ ਮਿਲੀ ਜਿੱਤ ਦੀ ਅੱਜ ਯਾਨੀ ਕਿ 26 ਜੁਲਾਈ ਨੂੰ 21ਵੀਂ ਵਰ੍ਹੇਗੰਢ ਹੈ। ਕਾਰਗਿਲ ਯੁੱਧ ਦੌਰਾਨ ਭਾਰਤੀ ਫੌਜ ਦੇ ਜਵਾਨਾਂ ਨੇ ਭਾਰਤ ਮਾਤਾ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ ਅਤੇ ਪਾਕਿਸਤਾਨ ਨੂੰ ਖਦੇੜ ਦਿੱਤਾ ਸੀ।
ਇਸ ਯੁੱਧ ਵਿਚ ਪਾਕਿਸਤਾਨ ਨੂੰ ਮੂੰਹ ਦੀ ਖਾਣੀ ਪਈ ਸੀ। ਅੱਜ ਕਾਰਗਿਲ ਵਿਜੇ ਦਿਵਸ ‘ਤੇ ਪੂਰੇ ਦੇਸ਼ ਨੇ ਸ਼ਹੀਦ ਫੌਜੀਆਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਨੂੰ ਸਲਾਮ ਕੀਤਾ ।
ਭਾਰਤੀ ਫੌਜ ਨੇ ਜਵਾਨਾਂ ਨੂੰ ਨਮਨ ਕਰਦਿਆਂ ਲਿਖਿਆ, ’26 ਜੁਲਾਈ ਨੂੰ ਕਾਰਗਿਲ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ 1999 ਵਿੱਚ ਕਾਰਗਿਲ ਯੁੱਧ ਦੌਰਾਨ ਦੇਸ਼ ਦੀ ਸ਼ਾਨਦਾਰ ਜਿੱਤ ਦੀ ਕਹਾਣੀ ਹੈ। ਭਾਰਤੀ ਫੌਜ ਸਾਡੇ ਨਾਇਕਾਂ ਦੀ ਅਟੱਲ ਹਿੰਮਤ, ਬਹਾਦਰੀ ਅਤੇ ਕੁਰਬਾਨੀ ਨੂੰ ਸਲਾਮ ਕਰਦੀ ਹੈ। ਇਸ ਦੇ ਨਾਲ ਹੀ ਭਾਰਤੀ ਹਵਾਈ ਫੌਜ ਨੇ ਇੱਕ ਖਾਸ ਵੀਡੀਓ ਰਾਹੀਂ ਕਾਰਗਿਲ ਦੇ ਬਹਾਦਰ ਫੌਜੀਆਂ ਨੂੰ ਸਲਾਮ ਕੀਤਾ ਹੈ।
ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਲਿਖਿਆ, “ਅੱਜ, ‘ਆਪ੍ਰੇਸ਼ਨ ਵਿਜੇ’ ਦੀ 21ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਭਾਰਤੀ ਫੌਜ ਦੀ ਬਹਾਦਰੀ ਨੂੰ ਸਲਾਮ ਕਰਦਾ ਹਾਂ, ਜਿਨ੍ਹਾਂ ਦੇ ਹੌਂਸਲੇ ਅਤੇ ਬਹਾਦਰੀ ਨੇ ਕਾਰਗਿਲ ਯੁੱਧ ਵਿੱਚ ਰਾਸ਼ਟਰ ਲਈ ਜਿੱਤ ਹਾਸਲ ਕੀਤੀ ।” ਕਾਰਗਿਲ ਯੁੱਧ ਵਿੱਚ ਵੀਰਗਤੀ ਪਾਉਣ ਵਾਲੇ ਜਵਾਨਾਂ ਨੂੰ ਮੇਰੀ ਸ਼ਰਧਾਂਜਲੀ, ਜਿਨ੍ਹਾਂ ਨੇ ਦੇਸ਼ ਦੀ ਏਕਤਾ ਅਤੇ ਪ੍ਰਭੂਸੱਤਾ ਨੂੰ ਬਚਾਉਣ ਲਈ ਆਪਣੀ ਮਹਾਨ ਕੁਰਬਾਨੀ ਦਿੱਤੀ । ਕੌਮ ਉਨ੍ਹਾਂ ਦੀ ਬਹਾਦਰੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਸਬਰ ਲਈ ਹਮੇਸ਼ਾ ਸ਼ੁਕਰਗੁਜ਼ਾਰ ਰਹੇਗੀ।
ਇਸ ਤੋਂ ਇਲਾਵਾ ਸ਼ਹੀਦਾਂ ਨੂੰ ਯਾਦ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲਿਖਿਆ, ‘ਕਾਰਗਿਲ ਦੀ ਜਿੱਤ ਦੀ 21ਵੀਂ ਵਰ੍ਹੇਗੰਢ ‘ਤੇ ਮੈਂ ਭਾਰਤੀ ਹਥਿਆਰਬੰਦ ਫੌਜ ਦੇ ਬਹਾਦਰ ਸਿਪਾਹੀਆਂ ਨੂੰ ਸਲਾਮ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਅਜੋਕੇ ਇਤਿਹਾਸ ਵਿੱਚ ਦੁਨੀਆ ਦੇ ਸਭ ਤੋਂ ਚੁਣੌਤੀ ਭਰੇ ਹਾਲਾਤਾਂ ਵਿੱਚ ਦੁਸ਼ਮਣ ਦਾ ਮੁਕਾਬਲਾ ਕੀਤਾ ਸੀ। ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇਸ਼ ਦੀ ਸੇਵਾ ਵਿੱਚ ਲਗਾ ਦਿੱਤੀ। ਮੈਂ ਉਨ੍ਹਾਂ ਦੇ ਪਰਿਵਾਰਾਂ ਅੱਗੇ ਝੁਕਦਾ ਹਾਂ, ਜਿਹੜੇ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਦੇ ਬਾਵਜੂਦ ਖੇਤਰ ਵਿਚੋਂ ਦੁਸ਼ਮਣਾਂ ਨੂੰ ਬਾਹਰ ਕੱਢਣ ਦੇ ਕੌਮੀ ਸੰਕਲਪ ਦੀ ਹਮਾਇਤ ਵਿਚ ਕਾਇਮ ਰਹੇ।
ਉੱਥੇ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, ‘ਕਾਰਗਿਲ ਜਿੱਤ ਦਿਵਸ ਭਾਰਤ ਦੇ ਮਾਣ, ਅਦਭੁੱਤ ਬਹਾਦਰੀ ਅਤੇ ਦ੍ਰਿੜ ਲੀਡਰਸ਼ਿਪ ਦਾ ਪ੍ਰਤੀਕ ਹੈ। ਮੈਂ ਉਨ੍ਹਾਂ ਸ਼ੂਰਵੀਰਾਂ ਨੂੰ ਮੱਥਾ ਟੇਕਦਾ ਹਾਂ ਜਿਨ੍ਹਾਂ ਨੇ ਆਪਣੇ ਬੇਮਿਸਾਲ ਹੌਂਸਲੇ ਨਾਲ ਦੁਸ਼ਮਣ ਨੂੰ ਕਾਰਗਿਲ ਦੀਆਂ ਪਹਾੜੀਆਂ ਤੋਂ ਖਦੇੜ ਕੇ ਤਿਰੰਗਾ ਲਹਿਰਾਇਆ । ਦੇਸ਼ ਨੂੰ ਮਾਤ ਭੂਮੀ ਦੀ ਰੱਖਿਆ ਲਈ ਸਮਰਪਿਤ ਭਾਰਤ ਦੇ ਵੀਰਾਂ ‘ਤੇ ਮਾਣ ਹੈ।
ਇਸ ਤੋਂ ਬਾਅਦ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਸ਼ਹੀਦਾਂ ਨੂੰ ਮੱਥਾ ਟੇਕਿਆ । ਉਨ੍ਹਾਂ ਲਿਖਿਆ, ‘ਕਾਰਗਿਲ ਵਿਜੇ ਦਿਵਸ’ ‘ਤੇ ਮੈਂ ਉਨ੍ਹਾਂ ਬਹਾਦਰ ਵੀਰਾਂ ਨੂੰ ਮੱਥਾ ਟੇਕਦਾ ਹਾਂ ਜੋ ਸਭ ਕੁਝ ਸਮਰਪਿਤ ਕਰਕੇ ਭਾਰਤ ਦੀ ਰੱਖਿਆ ਕਰਦੇ ਹਨ । ਜੈ ਹਿੰਦ। ‘