ਗੁਰਦੁਆਰਾ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ ਹੈ। ਪਿਛਲੇ ਸਾਲ ਮਾਰਚ ਤੋਂ ਬੰਦ ਕਰਤਾਰਪੁਰ ਲਾਂਘਾ ਜਲਦ ਖੁੱਲ੍ਹ ਸਕਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦਾ ਭਰੋਸਾ ਦੇ ਦਿੱਤਾ ਹੈ।
ਪੰਜਾਬ ਦੇ ਭਾਜਪਾ ਨੇਤਾਵਾਂ ਦੇ ਇੱਕ ਵਫ਼ਦ ਨੇ ਐਤਵਾਰ ਨੂੰ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਕਰਤਾਰਪੁਰ ਲਾਂਘਾ ਦੁਬਾਰਾ ਖੋਲ੍ਹਣ ਦੀ ਮੰਗ ਸੌਂਪੀ ਹੈ।
ਇਹ ਵੀ ਪੜ੍ਹੋ: ਚੰਡੀਗੜ੍ਹ ‘ਚ 11 ਇਲੈਕਟ੍ਰਿਕ ਬੱਸਾਂ ਦੀ ਐਂਟਰੀ, ਇਨ੍ਹਾਂ ਰੂਟਾਂ ‘ਤੇ ਪੱਟਣਗੀਆਂ ਧੂੜਾਂ
ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਵਾਲਿਆਂ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ, ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਸੂਬਾ ਇੰਚਾਰਜ ਦੁਸ਼ਯੰਤ ਗੌਤਮ, ਪਾਰਟੀ ਦੇ ਬੁਲਾਰੇ ਆਰ. ਪੀ. ਸਿੰਘ ਅਤੇ ਦਿੱਲੀ ਤੋਂ ਪਾਰਟੀ ਦੇ ਆਗੂ ਤੇਜਿੰਦਰ ਬੱਗਾ ਸ਼ਾਮਲ ਸਨ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਕਰਤਾਰਪੁਰ ਲਾਂਘੇ ਨੂੰ ਦੁਬਾਰਾ ਖੋਲ੍ਹਣ ਦੀ ਬੇਨਤੀ ਕੀਤੀ ਹੈ ਜੋ ਕਿ ਮਾਰਚ 2020 ਤੋਂ ਦੇਸ਼ ਵਿੱਚ ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਬੰਦ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਧਾਨ ਮੰਤਰੀ ਸਾਡੀ ਬੇਨਤੀ ‘ਤੇ ਵਿਚਾਰ ਕਰਨਗੇ ਤਾਂ ਜੋ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਕੋਈ ਚੰਗੀ ਖ਼ਬਰ ਆਵੇ । ਅਸੀਂ ਸਾਰੇ ਪ੍ਰਧਾਨ ਮੰਤਰੀ ਦੇ ਸਿਪਾਹੀ ਹਾਂ ਅਤੇ ਸਾਨੂੰ ਪੂਰਾ ਯਕੀਨ ਹੈ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਪੈਰੋਕਾਰਾਂ ਲਈ ਕੁਝ ਚੰਗਾ ਕਰਨਗੇ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਕਿਸਾਨਾਂ ਦੇ ਧਰਨੇ ਸਬੰਧੀ ਵੀ ਕੋਈ ਗੱਲਬਾਤ ਹੋਈ ਹੈ ਤਾਂ ਗਰੇਵਾਲ ਨੇ ਕਿਹਾ ਕਿ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਇਸ ਬਾਰੇ ਬਾਅਦ ਵਿੱਚ ਪ੍ਰੈੱਸ ਕਰਨਗੇ।
ਵੀਡੀਓ ਲਈ ਕਲਿੱਕ ਕਰੋ -: