karvachauth fasting tomorrow markets crowd: ਸੁਹਾਗ ਦੀ ਸਲਾਮਤੀ ਅਤੇ ਲੰਮੀ ਉਮਰ ਲਈ ਰੱਖਿਆ ਜਾਣ ਵਾਲਾ ਕਰਵਾ ਚੌਥ ਦਾ ਵਰਤ ਇਸ ਸਾਲ 4 ਨਵੰਬਰ ਨੂੰ ਮਨਾਇਆ ਜਾਵੇਗਾ।ਹਰ ਇੱਕ ਔਰਤ ਦੀ ਦਿਲੀ ਤਮੰਨਾ ਹੁੰਦੀ ਹੈ ਕਿ ਉਸਦਾ ਪਤੀ ਸੋਹਣਾ, ਸ਼ੀਤਲ, ਮਨਮੋਹਕ, ਸ਼ਕਤੀਸ਼ਾਲੀ ਅਤੇ ਤਰੱਕੀਆਂ ਨੂੰ ਛੋਹਣ ਵਾਲਾ ਹੋਵੇ।ਇਸੇ ਚਾਅ ‘ਚ ਔਰਤਾਂ, ਵਲੋਂ ਕਈ ਤਰ੍ਹਾਂ ਦੇ ਵਰਤ ਰੱਖੇ ਜਾਂਦੇ ਹਨ।ਕਈ ਕੁਆਰੀਆਂ ਲੜਕੀਆਂ ਚੰਗੇ ਵਰ ਦੀ ਪ੍ਰਾਪਤੀ ਲਈ ਸੋਮਵਾਰ ਦਾ ਵਰਤ ਰੱਖਦੀਆਂ ਹਨ ਜਿਸਦੀ ਬਹੁਤ ਮਾਨਤਾ ਹੈ।ਔਰਤਾਂ ਲਈ ਰੀਤੀ-ਰਿਵਾਜ਼ਾਂ ਅਨੁਸਾਰ ਕਈ ਵਰਤ ਰੱਖੇ ਜਾਂਦੇ ਹਨ।ਜਿਨ੍ਹਾਂ ‘ਚੋਂ ਸਭ ਤੋਂ ਖੂਬਸੂਰਤ ਹੈ ‘ਕਰਵਾਚੌਥ’ ਦਾ ਵਰਤ।ਜਿਸਦੀ ਔਰਤਾਂ ਵਲੋਂ ਬੜੀ ਬੇਸਬਰੀ ਨਾਲ ਉਡੀਕ ਕੀਤੀ ਜਾਂਦੀ ਹੈ।
ਇਸ ਵਰਤ ਲਈ ਔਰਤਾਂ ਦੀ ਕਈ ਮਹੀਨੇ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ।ਜਿਵੇਂ ਜਿਵੇਂ ਕਰਵਾਚੌਥ ਦਾ ਤਿਉਹਾਰ ਨੇੜੇ ਆ ਰਿਹਾ ਹੁੰਦਾ ਹੈ ਔਰਤਾਂ ਦੀ ਉਤਸੁਕਤਾ ਹੋਰ ਵੱਧਦੀ ਜਾਂਦੀ ਹੈ।ਔਰਤਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਦਾ ਹੈ।ਕਰਵਾਚੌਥ ਹਿੰਦੂ ਧਰਮ ਦਾ ਇੱਕ ਪ੍ਰਸਿੱਧ ਤਿਉਹਾਰ ਮੰਨਿਆ ਜਾਂਦਾ ਹੈ।ਕਰਵਾਚੌਥ ਦਾ ਮਹੱਤਵ ਇਹ ਹੈ ਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਔਰਤਾਂ ਇਹ ਰੱਖ ਕੇ ਆਪਣੀ ਪਤੀ ਦੀ ਲੰਬੀ ਉਮਰ ਲਈ ਪ੍ਰਾਥਨਾ ਕਰਦੀਆਂ ਹਨ।ਇਹ ਵਰਤ ਸਵੇਰੇ ਸੂਰਜ ਚੜ੍ਹਨ ਤੋਂ
ਪਹਿਲਾਂ ਕਰੀਬ 4 ਵਜੇ ਦੇ ਬਾਅਦ ਸ਼ੁਰੂ ਹੋ ਕੇ ਚੰਦਰਮਾ ਦੇ ਨਿਕਲਣ ਦੇ ਸਮੇਂ ਤੱਕ ਰਹਿੰਦਾ ਹੈ।ਪਿੰਡਾਂ ਅਤੇ ਸ਼ਹਿਰਾਂ ਦੀਆਂ ਔਰਤਾਂ ਇਹ ਵਰਤ ਬੜੀ ਹੀ ਸ਼ਰਧਾ ਪੂਰਵਕ ਅਤੇ ਉਤਸ਼ਾਹ ਨਾਲ ਰੱਖਦੀਆਂ ਹਨ।ਇਸ ਦਿਨ ਸੁਹਾਗਣਾਂ ਨੂੰ ਸਦਾ ਸੁਹਾਗਣ ਰਹਿਣ ਦਾ ਆਸ਼ੀਰਵਾਦ ਮਿਲਦਾ ਹੈ ਜਿਸ ਨਾਲ ਔਰਤਾਂ ਦੇ ਚਿਹਰੇ ‘ਤੇ ਇੱਕ ਵੱਖਰੀ ਰੌਣਕ ਆ ਜਾਂਦੀ ਹੈ।ਕਰਵਾਚੌਥ ਵਾਲੇ ਦਿਨ ਬਜ਼ੁਰਗ ਸੁਹਾਗਣਾਂ ਨੂੰ ਇਹੀ ਆਸ਼ੀਰਵਾਦ ਸਭ ਤੋਂ ਵੱਧ ਦਿੰਦੇ ਹਨ।ਇਸ ਵਰਤ ਸਬੰਧੀ ਕਈ ਦੰਤ ਕਥਾਵਾਂ ਵੀ ਮਸ਼ਹੂਰ ਹਨ।ਕਰਵਾਚੌਥ ਦੇ ਵਰਤ ‘ਚ ਕਥਾ ਸੁਣਨਾ ਸਭ ਤੋਂ ਜ਼ਰੂਰੀ ਮੰਨਿਆ ਜਾਂਦਾ ਹੈ।ਔਰਤਾਂ ਵਲੋਂ ਕਰਵਾਚੌਥ ਦਾ ਵਰਤ ਰੱਖ ਕੇ ਚੰਦਰਮਾ ਦੀ ਉਡੀਕ ਕਰਦੀਆਂ ਹਨ।
ਇਸ ਦਿਨ ਔਰਤਾਂ ਸਵੇਰੇ ਤਾਰਿਆਂ ਦੀ ਲੋਅ ‘ਚ 4 ਜਾਂ 5 ਵਜੇ ਦੇ ਕਰੀਬ ਖਾਣਾ ਖਾ ਲੈਂਦੀਆਂ ਹਨ ਜਿਸਨੂੰ ਭਾਰਤੀ ਪ੍ਰੰਪਰਾ ਅਨੁਸਾਰ ਸਰਗੀ ਕਿਹਾ ਜਾਂਦਾ ਹੈ ਜੋ ਕਿ ਔਰਤਾਂ ਦੀਆਂ ਸੱਸਾਂ ਵਲੋਂ ਉਨ੍ਹਾਂ ਨੂੰ ਖਵਾਈ ਜਾਂਦੀ ਹੈ।ਇਸ ਕਰਵਾਚੌਥ ਸਬੰਧੀ ਸਾਰੀਆਂ ਹੀ ਔਰਤਾਂ ਭਾਵੇਂ ਉਹ ਪਿੰਡ ਦੀਆਂ ਹੋਣ ਜਾਂ ਸ਼ਹਿਰ ਦੀਆਂ ਉਹ ਖੂਬ ਖ੍ਰੀਦਦਾਰੀ ਕਰਦੀਆਂ ਹਨ।ਸ਼ਹਿਰਾਂ ‘ਚ ਥਾਂ-ਥਾਂ ‘ਤੇ ਔਰਤਾਂ ਦੀ ਭੀੜ ਦੇਖਣ ਨੂੰ ਮਿਲਦੀ ਹੈ।ਮਨਿਆਰੀ ਦੀਆਂ ਦੁਕਾਨਾਂ, ਬਜ਼ਾਜੀ ਦੀਆਂ ਦੁਕਾਨਾਂ ਅਤੇ ਫਲਾਂ ਦੀਆਂ ਦੁਕਾਨਾਂ ‘ਤੇ ਔਰਤਾਂ ਦੀ ਭੀੜ ਆਮ ਦੇਖਣ ਨੂੰ ਮਿਲਦੀ ਹੈ।ਇਸ ਵਰਤ ਲਈ ਔਰਤਾਂ ਖਾਸ ਤੌਰ ‘ਤੇ ਮਿੱਟੀ ਦੇ ਬਣੇ ‘ਕਰਵੇ’ ਖ੍ਰੀਦ ਦੀਆਂ ਹਨ।ਜਿਸ ‘ਚ ਉਨ੍ਹਾਂ ਦੇ ਪਤੀ ਪਾਣੀ ਪਿਆ ਕੇ ਪਤਨੀ ਦਾ ਵਰਤ ਤੋੜਦੇ ਹਨ।ਕਰਵਾ ਚੌਥ ਦੀਆਂ ਤਿਆਰੀਆਂ ਨੂੰ ਲੈ ਕੇ ਸ਼ਹਿਰ ਬਾਜ਼ਾਰਾਂ ‘ਚ ਔਰਤਾਂ ਦੀ ਭੀੜ ਦੇਖਣ ਨੂੰ ਮਿਲ ਰਹੀ।ਮਹਿੰਦੀ ਵਾਲੀਆਂ ਦੁਕਾਨਾਂ ‘ਤੇ ਔਰਤਾਂ ਦੀ ਖਾਸ ਕਰਕੇ ਭੀੜ ਵੱਧ ਹੁੰਦੀ ਹੈ।ਕਰਵਾਚੌਥ ਦੀਆਂ ਤਿਆਰੀਆਂ ਨੂੰ ਲੈ ਕੇ ਸਾਰੇ ਬਾਜ਼ਾਰਾਂ ਦੀਆਂ ਦੁਕਾਨਾਂ ਖੂਬ ਸਜੀਆਂ ਹੋਈਆਂ ਹਨ ਪਰ ਗਾਹਕਾਂ ਦੀ ਆਮਦ ਘੱਟ ਹੋਣ ਕਾਰਨ ਦੁਕਾਨਦਾਰ ਕੁਝ ਮਾਯੂਸ ਹਨ।