Kattupalli port project : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਤਾਮਿਲਨਾਡੂ ਦੇ ਚੇਨਈ ਨੇੜੇ ਕੱਟੂਪੱਲੀ ਪੋਰਟ (ਬੰਦਰਗਾਹ) ਨੂੰ ਲੈ ਕੇ ਇੱਕ ਵਾਰ ਫਿਰ ਕੇਂਦਰ ਸਰਕਾਰ ‘ਤੇ ਹਮਲਾ ਬੋਲਿਆ ਹੈ। ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਸਾਰੇ ਨਿਯਮਾਂ ਨੂੰ ਛਿੱਕੇ ਟੰਗਦਿਆਂ, ਮੋਦੀ ਸਰਕਾਰ ਆਪਣੇ ਅਮੀਰ ਕਾਰੋਬਾਰੀ ਦੋਸਤਾਂ ਨੂੰ ਲਾਭ ਪਹੁੰਚਾਉਣ ਵਿੱਚ ਲੱਗੀ ਹੋਈ ਹੈ। ਵੀਰਵਾਰ ਨੂੰ ਇੱਕ ਟਵੀਟ ਵਿੱਚ, ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਲਿਖਿਆ, “ਕੱਟੂਪੱਲੀ ਵਿਖੇ ਬੰਦਰਗਾਹ ਦਾ ਨਿਰਮਾਣ ਪੂਰੀ ਤਰ੍ਹਾਂ ਗਲਤ ਹੈ, ਪਰ ਮੋਦੀ ਸਰਕਾਰ ਅਜੇ ਵੀ ਇੱਥੇ ਨਿਰਮਾਣ ਕਰਵਾਉਣ ਵਿੱਚ ਲੱਗੀ ਹੋਈ ਹੈ। ਆਪਣੇ ਦੋਸਤਾਂ ਨੂੰ ਦੇਸ਼ ਸੌਂਪਣਾ ਲਗਾਤਾਰ ਜਾਰੀ ਹੈ।”
ਤੁਹਾਨੂੰ ਦੱਸ ਦੇਈਏ ਕਿ ਰਾਹੁਲ ਗਾਂਧੀ ਦੀ ਤਰਫੋਂ ਇਹ ਇਲਜ਼ਾਮ ਲਗਾਇਆ ਗਿਆ ਹੈ ਕਿ ਅਡਾਨੀ ਸਮੂਹ ਇਸ ਜਗ੍ਹਾ ‘ਤੇ ਬੰਦਰਗਾਹ ਦਾ ਨਿਰਮਾਣ ਕਰ ਰਿਹਾ ਹੈ, ਜਦਕਿ ਸਥਾਨਕ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਹੈ। ਨਾਲ ਹੀ, ਜੇ ਇਹ ਹੁੰਦਾ ਹੈ, ਤਾਂ ਸਮੁੰਦਰੀ ਜੀਵਣ ਅਤੇ ਮੱਛਵਾਰਿਆ ਦਾ ਬਹੁਤ ਸਾਰਾ ਨੁਕਸਾਨ ਹੋਣ ਵਾਲਾ ਹੈ। ਹਾਲਾਂਕਿ, ਹੁਣ ਇਹ ਪੂਰਾ ਮਾਮਲਾ ਜਨਤਕ ਸੁਣਵਾਈ ਅਧੀਨ ਚੱਲ ਰਿਹਾ ਹੈ, ਜਿਸ ਦਾ ਵਾਤਾਵਰਣ ਐਕਟਵਿਸਟ ਵੀ ਵਿਰੋਧ ਕਰ ਰਹੇ ਹਨ।