Kerala couple ties knot: ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਵਿੱਚ ਭਾਵੇਂ ਕਈ ਲੋਕਾਂ ਦਾ ਜੀਵਨ ਰੁਕ ਜਿਹਾ ਗਿਆ ਹੈ, ਪਰ ਕੇਰਲਾ ਦੇ ਅਲਪੁੱਝਾ ਵਿੱਚ ਲਾੜੀ ਅਭਿਰਾਮੀ ਨੂੰ ਕੋਵਿਡ-19 ਵੀ ਪਵਿੱਤਰ ਮੁਹੂਰਤ ’ਤੇ ਵਿਆਹ ਕਰਨ ਤੋਂ ਨਹੀਂ ਰੋਕ ਸਕਿਆ। ਉਸ ਨੇ ਆਪਣੇ ਕੋਰੋਨਾ ਪਾਜ਼ੀਟਿਵ ਲਾੜੇ ਨਾਲ ਰਵਾਇਤੀ ਪਹਿਰਾਵੇ ਦੀ ਬਜਾਏ PPE ਕਿਟ ਪਾ ਕੇ ਹਸਪਤਾਲ ਵਿੱਚ ਵਿਆਹ ਕੀਤਾ । ਵਿਆਹ ਲਈ ਹਸਪਤਾਲ ਦੇ ਕੋਵਿਡ ਵਾਰਡ ਨੂੰ ਮੈਰਿਜ ਹਾਲ ਵਿੱਚ ਤਬਦੀਲ ਕਰ ਦਿੱਤਾ ਗਿਆ।
ਦਰਅਸਲ, ਲਾੜੇ ਸਰਤਮੋਨ ਐੱਸ. ਨੇ ਆਪਣੀ ਮਾਂ ਅਤੇ ਲਾੜੀ ਦੇ ਇੱਕ ਨੇੜਲੇ ਸਬੰਧੀ ਦੀ ਮੌਜੂਦਗੀ ਵਿੱਚ ਵਾਰਡ ਦੇ ਇੱਕ ਵਿਸ਼ੇਸ਼ ਕਮਰੇ ਵਿੱਚ ਅਭਿਰਾਮੀ ਨੂੰ ਮੰਗਲਸੂਤਰ ਅਤੇ ਤੁਲਸੀ ਦੀ ਮਾਲਾ ਪਹਿਨਾਈ । ਸਰਤਮੋਨ ਦੀ ਮਾਂ ਵੀ ਕੋਰੋਨਾ ਪੀੜਤ ਹੈ । ਅਹੁਦੇਦਾਰਾਂ ਦੀ ਇਜਾਜ਼ਤ ਨਾਲ ਇਹ ਵਿਆਹ ਸੰਪੰਨ ਹੋਇਆ ।
ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਖਾੜੀ ਦੇਸ਼ ਵਿੱਚ ਕੰਮ ਕਰਨ ਵਾਲੇ ਸਰਤਮੋਨ ਨੇ ਵਿਵਾਹ ਲਈ ਇੱਥੇ ਆਉਣ ਤੋਂ ਬਾਅਦ ਖੁਦ ਨੂੰ ਆਈਸੋਲੇਸ਼ਨ ਵਿੱਚ ਰੱਖ ਲਿਆ ਸੀ ਅਤੇ ਸ਼ੁਰੂਆਤੀ 10 ਦਿਨਾਂ ਵਿੱਚ ਉਸ ਵਿੱਚ ਵਾਇਰਸ ਦੇ ਲੱਛਣ ਨਹੀਂ ਸਨ, ਪਰ ਸਰਤਮੋਨ ਅਤੇ ਉਸ ਦੀ ਮਾਂ ਨੂੰ ਬੁੱਧਵਾਰ ਸ਼ਾਮ ਨੂੰ ਸਾਹ ਲੈਣ ਵਿੱਚ ਦਿੱਕਤ ਹੋਣ ਲੱਗੀ। ਇਸ ਤੋਂ ਬਾਅਦ ਕੀਤੀ ਗਈ ਜਾਂਚ ਵਿੱਚ ਦੋਵੇਂ ਸੰਕ੍ਰਮਿਤ ਪਾਏ ਗਏ।