Kerala elephant accused arrested: ਕੇਰਲ ‘ਚ ਗਰਭਵਤੀ ਹਥਨੀ ਦੀ ਮੌਤ ਦਾ ਮਾਮਲੇ ਹੱਸ ਕਿਸੇ ਨੂੰ ਨਿਰਾਸ਼ ਕਰ ਦਿੱਤਾ ਅਜਿਹੇ ‘ਚ ਪੁਲਿਸ ਜਾਂਚ ‘ਚ ਲੱਗੀ ਹੈ। ਤਾਜ਼ਾ ਖਬਰ ਅਨੁਸਾਰ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਂਚ ਲਈ ਖਾਸ ਤੌਰ ‘ਤੇ ਤਿੰਨ ਟੀਮਾਂ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਕੇਰਲ ਦੇ ਜੰਗਲਾਤ ਮੰਤਰੀ ਕੇ ਰਾਜੂ ਨੇ ਕਿਹਾ ਕਿ ਇਸ ਮਾਮਲੇ ‘ਚ ਸਖ਼ਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਅਜੇਹੀ ਮੰਦਭਾਗੀ ਘਟਨਾ ਦੁਬਾਰਾ ਨਾ ਵਾਪਰੇ। ਦਰਅਸਲ ਕੇਰਲ ‘ਚ ਸਾਈਲੈਂਟ ਵੈਲੀ ਨੈਸ਼ਨਲ ਪਾਰਕ ਦੀ ਇਕ ਗਰਭਵਤੀ ਹਥਨੀ ਨੂੰ ਕੁਝ ਲੋਕਾਂ ਨੇ ਪਟਾਕਿਆਂ ਨਾਲ ਭਰਿਆ ਅਨਾਨਾਸ ਖੁਆਇਆ ਜਿਸ ਤੋਂ ਬਾਅਦ ਖਤਰਨਾਕ ਧਮਾਕੇ ‘ਚ ਹਥਨੀ ਬੁਰੀ ਤਰਾਂ ਜਖਮੀ ਹੋ ਗਈ ਅਤੇ 27 ਮਈ ਨੂੰ ਮਲਮਪੁਰਮ ‘ਚ ਵੈੱਲੀਆਰ ਨਦੀ ‘ਚ ਹਥਨੀ ਦੀ ਮੌਤ ਹੋ ਗਈ।
ਜਿਸ ਤੋਂ ਬਾਅਦ ਪੁਲਿਸ ਵੱਲੋਂ ਪੋਸਟਮਾਰਟਮ ਕਰਵਾਇਆ ਗਿਆ ਤਾਂ ਰਿਪੋਰਟ ‘ਚ ਸਾਹਮਣੇ ਆਇਆ ਕਿ ਹਥਨੀ ਗਰਭਵਤੀ ਸੀ। ਇਹ ਮਾਮਲਾ ਦੇਖਦਿਆਂ ਹੀ ਦੇਖਦਿਆਂ ਵਾਇਰਲ ਹੋਣ ਲੱਗਾ ਅਤੇ ਲੋਕਾਂ ‘ਚ ਰੋਸ ਦਿਖਣ ਲੱਗਾ। ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਸ਼ੁਰੂ ਹੋ ਗਈ। ਕੇਰਲ ਸਰਕਾਰ ਵੱਲੋਂ ਵਣ ਵਿਭਾਗ ਦੀ ਵਿਸ਼ੇਸ਼ ਜਾਂਚ ਟੀਮ ਬਣਾਈ ਗਈ। ਇਸ ਸਬੰਧੀ ਵਣ ਵਿਭਾਗ ਨੇ ਟਵੀਟ ਕੀਤਾ , ‘ਹਥਨੀ ਦੀ ਮੌਤ ਦੇ ਮਾਮਲੇ ‘ਚ ਵਣ ਜੀਵ ਸਾਂਭ-ਸੰਭਾਲ ਕਾਨੂੰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀਆਂ ਨੂੰ ਸਜ਼ਾ ਦਿਵਾਉਣ ‘ਚ ਵਣ ਵਿਭਾਗ ਕੋਈ ਕਸਰ ਨਹੀਂ ਛੱਡੇਗਾ’।
ਕੇਰਲ ਦੇ ਮੁੱਖ ਮੰਤਰੀ ਪੀ ਵਿਜੈਯਨ ਨੇ ਇਸ ਸਬੰਧੀ ਕਿਹਾ ਕਿ ਕੋਜ਼ੀਕੋਡ ਤੋਂ ਵਣ ਜੀਵ ਅਪਰਾਧ ਜਾਂਚ ਦਲ ਨੂੰ ਮਾਮਲੇ ਦੀ ਪੜਤਾਲ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ। ਕੇਂਦਰ ਸਰਕਾਰ ਨੇ ਵੀ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸੂਬੇ ਤੋਂ ਰਿਪੋਰਟ ਜਲਦ ਮੰਗੀ ਹੈ। ਕੇਂਦਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਇੱਕ ਟਵੀਟ ‘ਚ ਲਿਖਿਆ ‘ਪਟਾਕੇ ਖੁਆ ਕੇ ਮਾਰ ਦੇਣਾ ਭਾਰਤੀ ਸੰਸਕ੍ਰਿਤੀ ਨਹੀਂ ਹੈ। ਸੀਨੀਅਰ ਅਧਿਕਾਰੀਆਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਜਾਂਚ ਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ‘ਚ ਕੋਈ ਕਸਰ ਨਹੀਂ ਛੱਡੀ ਜਾਵੇਗੀ।