Kerala Governor Arif Mohammed Khan: ਕੇਰਲਾ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਗਏ ਹਨ । ਉਨ੍ਹਾਂ ਦੀ ਕੋਰੋਨਾ ਟੈਸਟ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਰਾਜਪਾਲ ਆਰਿਫ ਮੁਹੰਮਦ ਖਾਨ ਨੇ ਆਪਣੇ ਟਵਿੱਟਰ ਹੈਂਡਲ ‘ਤੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਲਿਖਿਆ ਹੈ ਕਿ ਮੇਰੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਪਰ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ। ਹਾਲਾਂਕਿ, ਮੈਂ ਉਨ੍ਹਾਂ ਲੋਕਾਂ ਨੂੰ ਵੀ ਟੈਸਟ ਕਰਵਾਉਣ ਦੀ ਬੇਨਤੀ ਕਰਦਾ ਹਾਂ ਜਿਨ੍ਹਾਂ ਨੂੰ ਮੈਂ ਪਿਛਲੇ ਹਫਤੇ ਦਿੱਲੀ ਵਿੱਚ ਮਿਲਿਆ ਸੀ ਜਾਂ ਉਹ ਖੁਦ ਨੂੰ ਨਿਗਰਾਨੀ ਹੇਠ ਰੱਖਣ।
ਦਰਅਸਲ, ਭਾਰਤ ਵਿੱਚ ਕੋਵਿਡ -19 ਦੇ 50,356 ਨਵੇਂ ਮਾਮਲੇ ਸਾਹਮਣੇ ਆਏ ਹਨ । ਜਿਸ ਤੋਂ ਬਾਅਦ ਸ਼ਨੀਵਾਰ ਨੂੰ ਸੰਕਰਮਣ ਦੇ ਕੁੱਲ ਮਾਮਲੇ ਵੱਧ ਕੇ 84,62,080 ਹੋ ਗਏ ਹਨ। ਇਨ੍ਹਾਂ ਵਿੱਚੋਂ 78 ਲੱਖ ਤੋਂ ਵੱਧ ਲੋਕਾਂ ਦੇ ਸੰਕਰਮਣ ਤੋਂ ਠੀਕ ਹੋਣ ਨਾਲ ਦੇਸ਼ ਵਿੱਚ ਮਰੀਜ਼ਾਂ ਦੀ ਰਿਕਵਰੀ ਦੀ ਦਰ 92.41 ਪ੍ਰਤੀਸ਼ਤ ਹੋ ਗਈ ਹੈ । ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਦੇਸ਼ ਵਿੱਚ ਸੰਕਰਮਣ ਕਾਰਨ 577 ਹੋਰ ਲੋਕਾਂ ਦੀ ਮੌਤ ਹੋਈ ਹੈ । ਇਸ ਨਾਲ ਦੇਸ਼ ਵਿਚ ਹੁਣ ਤੱਕ 1,25,562 ਲੋਕਾਂ ਦੀ ਲਾਗ ਕਾਰਨ ਮੌਤ ਹੋ ਚੁੱਕੀ ਹੈ।
ਇਸ ਸਬੰਧੀ ਮੰਤਰਾਲੇ ਨੇ ਕਿਹਾ ਕਿ ਹੁਣ ਤੱਕ 78,19,886 ਲੋਕ ਲਾਗ ਤੋਂ ਮੁਕਤ ਹੋ ਚੁੱਕੇ ਹਨ। ਜਿਸ ਤੋਂ ਬਾਅਦ ਦੇਸ਼ ਵਿੱਚ ਮਰੀਜ਼ਾਂ ਦੀ ਰਿਕਵਰੀ ਦੀ ਦਰ 92.41 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। ਦੇਸ਼ ਵਿੱਚ ਕੋਵਿਡ-19 ਤੋਂ ਮੌਤ ਦਰ ਘੱਟ ਕੇ 1.48 ਪ੍ਰਤੀਸ਼ਤ ਰਹਿ ਗਈ ਹੈ । ਅੰਕੜਿਆਂ ਅਨੁਸਾਰ ਇਸ ਸਮੇਂ ਦੇਸ਼ ਵਿੱਚ 5,16,632 ਲੋਕਾਂ ਦਾ ਕੋਵਿਡ-19 ਦਾ ਇਲਾਜ ਚੱਲ ਰਿਹਾ ਹੈ, ਜੋ ਕੁੱਲ ਮਾਮਲਿਆਂ ਦਾ 6.11 ਪ੍ਰਤੀਸ਼ਤ ਹੈ।