kerala plane crash: ਤਿਰੂਵਨੰਤਪੁਰਮ: ਏਅਰ ਇੰਡੀਆ ਦੇ ਜਹਾਜ਼ ਦੇ ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੇ ਮਲਾਪਪੁਰਮ ਜ਼ਿਲ੍ਹੇ ਦੇ 24 ਅਧਿਕਾਰੀ ਕੋਰੋਨਾ ਸਕਾਰਾਤਮਕ ਪਾਏ ਗਏ ਹਨ। ਇਸ ਵਿੱਚ ਮਲਾਪਪੁਰਮ ਜ਼ਿਲ੍ਹਾ ਕੁਲੈਕਟਰ, ਉਪ ਕੁਲੈਕਟਰ, ਸਹਾਇਕ ਕੁਲੈਕਟਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਵੀ ਸ਼ਾਮਿਲ ਹਨ। ਜ਼ਿਲ੍ਹਾ ਪੁਲਿਸ ਮੁਖੀ ਯੂ ਅਬਦੁੱਲ ਕਰੀਮ ਵੀਰਵਾਰ ਨੂੰ ਕਰੋਨਾ ਸਕਾਰਾਤਮਕ ਪਾਏ ਗਏ ਸੀ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਜ਼ਿਲ੍ਹਾ ਕੁਲੈਕਟਰ ਕੇ ਗੋਪਾਲਕ੍ਰਿਸ਼ਨਨ ਦੀ ਕੋਰੋਨਾ ਰਿਪੋਰਟ ਵੀ ਸਕਾਰਾਤਮਕ ਪਾਈ ਗਈ ਸੀ। ਜ਼ਿਲ੍ਹਾ ਮੈਡੀਕਲ ਅਫਸਰ ਕੇ ਸਕੀਨਾ ਨੇ ਪੁਸ਼ਟੀ ਕੀਤੀ ਕਿ ਸਬ ਇੰਸਪੈਕਟਰ ਅੰਜੂ ਕੇ ਐਸ, ਸਹਾਇਕ ਕੁਲੈਕਟਰ ਵਿਸ਼ਨੂੰ ਰਾਜ ਅਤੇ ਹੋਰ 20 ਪੁਲਿਸ ਅਧਿਕਾਰੀ ਕੋਰੋਨਾ ਤੋਂ ਸਕਾਰਾਤਮਕ ਪਾਏ ਗਏ ਹਨ।
ਇਨ੍ਹਾਂ ਵਿੱਚੋਂ ਕਈ ਅਧਿਕਾਰੀ ਪਿੱਛਲੇ ਸਮੇਂ ਵਿੱਚ ਕਈ ਮੰਤਰੀਆਂ ਨੂੰ ਮਿਲੇ ਸਨ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ, ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ, ਰਾਜਪਾਲ ਆਰਿਫ ਮੁਹੰਮਦ ਖਾਨ ਅਤੇ ਮੁੱਖ ਮੰਤਰੀ ਪਿਨਾਰਈ ਵਿਜਯਨ ਵਰਗੇ ਕੁੱਝ ਨੇਤਾਵਾਂ ਅਤੇ ਮੰਤਰੀਆਂ ਨਾਲ ਅਧਿਕਾਰੀਆਂ ਨੇ ਮੁਲਾਕਾਤ ਕੀਤੀ ਸੀ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਦਫਤਰ ਨੇ ਐਲਾਨ ਕੀਤਾ ਸੀ ਕਿ ਹਾਦਸੇ ਦਾ ਸ਼ਿਕਾਰ ਹੋਏ ਏਅਰ ਇੰਡੀਆ ਐਕਸਪ੍ਰੈਸ ਦੇ ਜਹਾਜ਼ ਵਿੱਚ ਸਵਾਰ ਸਾਰੇ ਯਾਤਰੀਆਂ ਦੀ ਜਾਂਚ ਕੀਤੀ ਜਾਵੇਗੀ। ਜਹਾਜ਼ ਵਿੱਚ ਮੌਜੂਦ ਇੱਕ ਵਿਅਕਤੀ ਦਾ ਕੋਰੋਨਾ ਟੈਸਟ ਪੌਜੇਟਿਵ ਆਇਆ ਸੀ। ਜ਼ਿਕਰਯੋਗ ਹੈ ਕਿ 7 ਅਗਸਤ ਨੂੰ ਕੋਜ਼ੀਕੋਡ ਏਅਰਪੋਰਟ ‘ਤੇ ਏਅਰ ਇੰਡੀਆ ਦਾ ਜਹਾਜ਼ ਰਨਵੇ ‘ਤੇ ਲੈਂਡਿੰਗ ਕਰਦੇ ਸਮੇਂ ਕਰੈਸ਼ ਹੋ ਗਿਆ ਸੀ ਅਤੇ ਇਹ ਖਾਈ ‘ਚ ਡਿੱਗ ਗਿਆ ਸੀ। ਇਸ ਹਾਦਸੇ ਵਿੱਚ 18 ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਹਾਦਸੇ ਵਿੱਚ ਪਾਇਲਟ ਅਤੇ ਸਹਿ ਪਾਇਲਟ ਦੀ ਵੀ ਮੌਤ ਹੋ ਗਈ ਸੀ।