Kisan rail roko andolan : ਅੱਜ ਕਿਸਾਨਾਂ ਨੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਰੇਲ ਰੋਕੋ ਅੰਦੋਲਨ ਕੀਤਾ ਹੈ। ਕਿਸਾਨਾਂ ਦੀ ਰੇਲ ਰੋਕੋ ਮੁਹਿੰਮ ਨੂੰ ਪੂਰੇ ਭਾਰਤ ਦੇ ਵਿੱਚ ਸਮਰਥਨ ਵੀ ਮਿਲਿਆ ਹੈ। ਅੱਜ ਦੇਸ਼ ਦੀਆ ਵੱਖ-ਵੱਖ ਥਾਵਾਂ ‘ਤੇ ਕਿਸਾਨਾਂ ਦੇ ਵਲੋਂ ਰੇਲ ਟਰੈਕ ਜਾਮ ਕਰ 3 ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਇਸ ਤੋਂ ਬਾਅਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜ ਸਕੱਤਰ ਸਵਰਣ ਸਿੰਘ ਪੰਧੇਰ ਨੇ ਕਿਹਾ ਕਿ ਅੱਜ ਭਾਰਤ ਦਾ ਜਨ ਅੰਦੋਲਨ ਨੇ 4 ਘੰਟੇ ਦੇਸ਼ ਵਿਆਪੀ ਰੇਲਾਂ ਜਾਮ ਕਰਕੇ ਕੌਮਾਂਤਰੀ ਪੱਧਰ ਤੇ ਇੱਕ ਨਵੀਂ ਆਵਾਜ਼ ਬੁਲੰਦ ਕੀਤੀ ਹੈ। ਕਿਸਾਨ ਆਗੂਆਂ ਨੇ ਕਿਹਾ ਕੇ ਰੇਲ ਰੋਕੋ ਮੁਹਿੰਮ ਪੂਰੀ ਕਾਮਯਾਬੀ ਨਾਲ ਨੇਪਰੇ ਚੜ੍ਹੀ ਹੈ। ਲੱਖਾਂ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਬੀਬੀਆਂ ਨੇ ਇਸ ਮੁਹਿੰਮ ਵਿੱਚ ਸ਼ਮੂਲੀਅਤ ਕੀਤੀ ਹੈ। ਉਨ੍ਹਾਂ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਤੁਰੰਤ ਰੱਦ ਕਰਨ, ਸਾਰੀਆਂ ਫ਼ਸਲਾਂ ਦੀ ਖ਼ਰੀਦ ਦੀ ਗਾਰੰਟੀ ਵਾਲਾ ਕਾਨੂੰਨ ਬਣਾਉਣ (MSP), ਬਿਜਲੀ ਸੋਧ ਐਕਟ 2020, ਹਵਾ ਪ੍ਰਦੂਸ਼ਣ ਐਕਟ ਰੱਦ ਕਰਨ ਅਤੇ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਿੱਚ 50% ਦੀ ਕਟੌਤੀ ਕਰਨ ਲਈ ਅਵਾਜ ਬੁਲੰਦ ਕੀਤੀ ਗਈ ਹੈ।
ਇਸ ਤੋਂ ਇਲਾਵਾ ਕਿਸਾਨ ਆਗੂਆਂ ਨੇ ਗ੍ਰਿਫਤਾਰ ਕੀਤੇ ਕਿਸਾਨਾਂ ਦੀ ਬਿਨਾਂ ਸ਼ਰਤ ਰਿਹਾਅ ਕਰਨ ਦੀ ਵੀ ਮੰਗ ਕੀਤੀ ਹੈ। ਜਥੇਬੰਦੀ ਵੱਲੋਂ ਅੱਜ ਅੰਮ੍ਰਿਤਸਰ, ਤਰਨਤਾਰਨ ਸਮੇਤ 11 ਜ਼ਿਲ੍ਹਿਆਂ ਵਿੱਚ 32 ਥਾਂਵਾਂ 12 ਵਜੇ ਤੋਂ 4 ਵਜੇ ਤੱਕ ਪ੍ਰਦਰਸ਼ਨ ਕੀਤੇ ਗਏ ਹਨ। ਆਗੂਆਂ ਨੇ ਕਿਹਾ ਕਿ ਜੇਕਰ ਮੋਰਚਾ ਜਲਦੀ ਫਤਹਿ ਕਰਨਾ ਹੈ ਤਾਂ ਅੰਬਾਨੀ ਅਡਾਨੀ ਸਮੇਤ ਕਾਰਪੋਰੇਟ ਘਰਾਣਿਆਂ ਦੀਆਂ ਵਸਤਾਂ ਦੇ ਬਾਈਕਾਟ ਵਿੱਚ ਹੋਰ ਤੇਜ਼ੀ ਲਿਆਉਣੀ ਹੋਵੇਗੀ, ਤਾਂ ਜੋ ਵਿਸ਼ਵ ਵਪਾਰ ਸੰਸਥਾ ‘ਤੇ ਦਬਾਅ ਬਣਾ ਕੇ ਖੇਤੀ ਕਾਨੂੰਨ ਰੱਦ ਕਰਵਾਏ ਜਾ ਸਕਣ। ਇਸ ਦੌਰਾਨ ਇੱਕ ਵੱਖਰਾ ਨਜ਼ਾਰਾ ਵੀ ਦੇਖਣ ਨੂੰ ਮਿਲਿਆ ਇਸ ਦੌਰਾਨ ਹੀ ਧਰਨੇ ‘ਤੇ ਤਾਇਨਾਤ ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਵੀ ਲੰਗਰ ਛਕਾਇਆ ਗਿਆ। ਹਰਿਆਣਾ ਦੇ ਚਰਖੀ ਦਾਦਰੀ ਵਿੱਚ ਰੇਲਵੇ ਟਰੈਕਾਂ ‘ਤੇ ਬੈਠੇ ਕਿਸਾਨਾਂ ਨੂੰ ਜਲੇਬੀ ਅਤੇ ਚਾਹ-ਪਕੌੜਿਆਂ ਦੀ ਸੇਵਾ ਕੀਤੀ ਗਈ ਹੈ। ਪਿੰਡ ਪਾਤੂਵਾਸ ਵਿੱਚ ਰੇਲਵੇ ਟਰੈਕ ’ਤੇ ਬੈਠੇ ਕਿਸਾਨਾਂ ਲਈ ਖਾਣ ਪੀਣ ਦੇ ਪ੍ਰਬੰਧ ਕੀਤੇ ਗਏ ਹਨ। ਧਰਨੇ ਵਾਲੀ ਥਾਂ ‘ਤੇ ਹੀ ਜਲੇਬੀ, ਚਾਹ ਅਤੇ ਪਕੌੜੇ ਬਣਾਏ ਜਾ ਰਹੇ ਹਨ। ਪ੍ਰਦਰਸ਼ਨ ਵਾਲੀ ਥਾਂ ‘ਤੇ ਮੌਜੂਦ ਪੁਲਿਸ ਕਰਮਚਾਰੀਆਂ ਅਤੇ ਹੋਰ ਸਰਕਾਰੀ ਲੋਕਾਂ ਨੂੰ ਵੀ ਖਾਣਾ ਖੁਆਇਆ ਗਿਆ ਹੈ। ਇਸ ਤੋਂ ਇਲਾਵਾ ਦਨਕੋਰ ਵਿਖੇ ਵੀ ਕਿਸਾਨਾਂ ਨੇ ਇੱਕ ਰੇਲ ਰੋਕੀ ਸੀ। ਇੱਥੇ ਕਿਸਾਨਾਂ ਦੀ ਤਰਫੋਂ ਖੜ੍ਹੀ ਰੇਲ ਦੇ ਯਾਤਰੀਆਂ ਲਈ ਭੋਜਨ ਦੇ ਪ੍ਰਬੰਧ ਵੀ ਕੀਤੇ ਗਏ ਸਨ।