LAC stand off: ਲੇਹ: ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (LAC) ‘ਤੇ ਭਾਰਤ ਨੇ ਹਮਲਾਵਰ ਰੁਖ ਅਪਣਾਇਆ ਹੈ । ਮੀਡੀਆ ਰਿਪੋਰਟਾਂ ਅਨੁਸਾਰ ਫੌਜ ਤੋਂ ਬਾਅਦ ਹੁਣ ਇੰਡੋ-ਤਿੱਬਤੀ ਬਾਰਡਰ ਪੁਲਿਸ (ITBP) ਦੇ 30 ਜਵਾਨਾਂ ਨੇ ਪੈਨਗੋਂਗ ਝੀਲ ਦੇ ਦੱਖਣ ਦੇ ਕਈ ਮਹੱਤਵਪੂਰਨ ਮੋਰਚੇ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਇਹ ਇਲਾਕੇ ਬਲੈਕ ਟਾਪ ਦੇ ਨੇੜੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 29 ਅਤੇ 30 ਅਗਸਤ ਨੂੰ ਭਾਰਤੀ ਫੌਜ ਨੇ ਪੀਪਲਜ਼ ਲਿਬਰੇਸ਼ਨ ਆਰਮੀ (PLA) ਨੂੰ ਪਿੱਛੇ ਧੱਕਦੇ ਹੋਏ ਰਣਨੀਤਿਕ ਰੂਪ ਨਾਲ ਇੱਕ ਮਹੱਤਵਪੂਰਣ ਪੋਸਟ (ਬਲੈਕ ਟੌਪ) ‘ਤੇ ਕਬਜ਼ਾ ਕਰ ਲਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਭਾਰਤੀ ਫੌਜ ਨੇ 4 ਕਿਲੋਮੀਟਰ ਅੰਦਰ ਘੁੱਸ ਕੇ 500 ਚੀਨੀ ਫੌਜ ਨੂੰ ਖਦੇੜ ਦਿੱਤਾ ਸੀ।
ਇੱਕ ਅੰਗਰੇਜ਼ੀ ਅਖਬਾਰ ਅਨੁਸਾਰ ITBP ਦੇ 30 ਜਵਾਨ ਫੁਰਚੁਕ ਲਾ ਪਾਸ ਤੋਂ ਹੁੰਦੇ ਹੋਏ ਅੱਗੇ ਪਹੁੰਚੇ ਹਨ। ਇਹ ਜਗ੍ਹਾ 4994 ਮੀਟਰ ਦੀ ਉਚਾਈ ‘ਤੇ ਹੈ। ਹੁਣ ਤੱਕ ਇਸ ਪੋਸਟ ‘ਤੇ ਕਿਸੇ ਦਾ ਕਬਜ਼ਾ ਨਹੀਂ ਸੀ। ਇਸ ਤੋਂ ਪਹਿਲਾਂ ITBP ਦੇ ਜਵਾਨ ਪੈਨਗੋਂਗ ਝੀਲ ਦੇ ਉੱਤਰ ਵਿੱਚ ਧਾਨ ਸਿੰਘ ਚੌਕੀ ਵਿਖੇ ਸਨ। ਇਹ ਖੇਤਰ ਫਿੰਗਰ 2 ਅਤੇ 3 ਦੇ ਨੇੜੇ ਹੈ। ITBP ਦੇ IG (ਆਪ੍ਰੇਸ਼ਨ) ਐਮਐਸ ਰਾਵਤ ਨੇ ਕਿਹਾ, ‘ITBP ਦੇ ਡੀਜੀਪੀ ਐਸਐਸ ਦੇਸਵਾਲ ਪਿਛਲੇ ਹਫ਼ਤੇ LAC ’ਤੇ ਇੱਕ ਹਫਤੇ ਜਵਾਨਾਂ ਨਾਲ ਰਹੇ । ਇਹ ਪਹਿਲੀ ਵਾਰ ਹੈ ਜਦੋਂ ਅਸੀਂ ਇਨ੍ਹਾਂ ਸਿਖਰਾਂ ‘ਤੇ ਚੰਗੀਆਂ ਸੰਖਿਆ ‘ਤੇ ਪਹੁੰਚੇ ਹਾਂ।
ਦੱਸ ਦੇਈਏ ਕਿ ਆਰਮੀ, ਆਈਟੀਬੀਪੀ ਅਤੇ ਸਪੈਸ਼ਲ ਫਰੰਟੀਅਰ ਫੋਰਸ (ਐਸਐਫਐਫ) ਨੇ ਹੁਣ ਹੈਲਮੇਟ ਟਾਪ, ਬਲੈਕ ਟਾਪ ਅਤੇ ਯੈਲੋ ਬੰਪ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਦੱਖਣੀ ਸਿਰੇ ‘ਤੇ 4280 ਤੋਂ ਬਾਅਦ ਅਤੇ ਪੱਛਮ ਦੇ ਸਿਰੇ ‘ਤੇ ਖੁਦਾਈ ਖੇਤਰ ਅਤੇ ਚੁੱਤੀ ਚਾਮਲਾ ਭਾਰਤੀ ਸੈਨਿਕਾਂ ਲਈ ਸਪੱਸ਼ਟ ਤੌਰ ‘ਤੇ ਦਿਖਾਈ ਦੇ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਸਰਕਾਰ ਨੇ ਫੌਜ ਨੂੰ ਕਾਰਵਾਈ ਕਰਨ ਦੀ ਛੂਟ ਦੇ ਦਿੱਤੀ ਹੈ। ਅਸਲ ਕੰਟਰੋਲ ਰੇਖਾ ਦੇ ਪਿਛਲੇ ਲਗਭਗ ਚਾਰ ਮਹੀਨਿਆਂ ਤੋਂ ਤਣਾਅ ਲਗਾਤਾਰ ਬਣਿਆ ਹੋਇਆ ਹੈ। ਚੀਨ ਦੀ ਦੁਸ਼ਮਣੀ ਦੇ ਮੱਦੇਨਜ਼ਰ ਪਹਿਲਾਂ ਕਦਮ ਨਹੀਂ ਚੁੱਕਣ ਦੀ ਨੀਤੀ ਨੂੰ ਬਦਲਿਆ ਗਿਆ ਹੈ। ਇਸਦੇ ਉਲਟ, ਚੀਨ ਨੇ ਪੂਰਬੀ ਲੱਦਾਖ ਵਿੱਚ ਹੋਏ ਸਮਝੌਤਿਆਂ ਦੀ ਉਲੰਘਣਾ ਕਰਨ ਦਾ ਦੋਸ਼ ਭਾਰਤ ‘ਤੇ ਲਗਾਉਣਾ ਸ਼ੁਰੂ ਕਰ ਦਿੱਤਾ ਹੈ।