Ladakh border crisis: ਲੱਦਾਖ ਵਿੱਚ LAC ‘ਤੇ ਭਾਰਤ-ਚੀਨ ਵਿਚਾਲੇ ਤਣਾਅ ਬਣਿਆ ਹੋਇਆ ਹੈ। ਲੰਬੇ ਸਮੇਂ ਤੋਂ ਸਰਹੱਦ ‘ਤੇ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਲਈ ਸ਼ਨੀਵਾਰ ਨੂੰ ਚੁਸ਼ੁਲ ਵਿੱਚ ਬ੍ਰਿਗੇਡ-ਕਮਾਂਡਰ ਪੱਧਰ ਦੀ ਗੱਲਬਾਤ ਹੋਈ । ਇਹ ਬੈਠਕ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਚੱਲੀ, ਹਾਲਾਂਕਿ ਬੈਠਕ ਬੇਨਤੀਜਾ ਰਹੀ। ਦੋਨਾਂ ਧਿਰਾਂ ਵੱਲੋਂ ਅਗਲੇ ਕੁੱਝ ਦਿਨਾਂ ਵਿੱਚ ਕੋਰ ਕਮਾਂਡਰ-ਪੱਧਰ ਗੱਲਬਾਤ ਦੇ ਛੇਵੇਂ ਦੌਰ ਦਾ ਆਯੋਜਨ ਕਰਨ ਦੀ ਉਮੀਦ ਹੈ।
ਦਰਅਸਲ, ਦੋ ਕੋਰ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ (14 ਕੋਰ) ਅਤੇ South Xinjiang Military District ਦੇ ਮੇਜਰ ਜਨਰਲ Liu Lin ਅਗਸਤ ਤੋਂ ਨਹੀਂ ਮਿਲੇ ਹਨ। ਦੋਨਾਂ ਦੇਸ਼ਾਂ ਦੀਆਂ ਫੌਜਾਂ LAC ਦੇ ਕੋਲ ਕਈ ਬਿੰਦੂਆਂ ‘ਤੇ ਆਹਮੋਂ-ਸਾਹਮਣੇ ਹਨ।
ਬ੍ਰਿਗੇਡ ਕਮਾਂਡਰਾਂ ਪੱਧਰ ਦੀ ਬੈਠਕ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਲੱਦਾਖ ਸੰਕਟ ‘ਤੇ ਇੱਕ ਉੱਚ ਪੱਧਰੀ ਬੈਠਕ ਦੇ ਇੱਕ ਦਿਨ ਬਾਅਦ ਆਯੋਜਿਤ ਕੀਤੀ ਗਈ ਸੀ । ਰੱਖਿਆ ਮੰਤਰੀ ਨੂੰ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਲਾਈਨ (LAC) ‘ਤੇ ਵੱਧਦੇ ਤਣਾਅ ਵਿਚਾਲੇ ਭਾਰਤ ਅਤੇ ਚੀਨ ਵਿਚਾਲੇ ਪੰਜ ਸੂਤਰਧਾਰ ਸਮਝੌਤੇ ‘ਤੇ ਸਲਾਹ ਮਸ਼ਵਰਾ ਕਰਨ ਲਈ ਭਾਰਤ ਦੇ ਚੋਟੀ ਦੇ ਫੌਜੀਆਂ ਵੱਲੋਂ ਸ਼ਾਮਿਲ ਕੀਤਾ ਗਿਆ ਸੀ। ਇਸ ਵਿਚਾਰ ਵਟਾਂਦਰੇ ਵਿੱਚ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਅਜੀਤ ਡੋਭਾਲ, ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਆਰਮੀ ਚੀਫ ਜਨਰਲ ਐੱਮ.ਐੱਮ. ਨਰਵਨੇ, ਏਅਰ ਚੀਫ ਮਾਰਸ਼ਲ ਆਰ.ਕੇ.ਐੱਸ. ਭਦੌਰਿਆ ਅਤੇ ਨੇਵੀ ਚੀਫ ਆਦਿਤਿਅਪਾਲ ਸਿੰਘ ਸ਼ਾਮਿਲ ਸਨ।
ਦੱਸ ਦੇਈਏ ਕਿ ਚੀਨ ਲਗਾਤਾਰ ਭਾਰਤ ਦੀ ਕਮਜ਼ੋਰੀ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਹੈ ਅਤੇ ਜੇਕਰ ਕਿਸੇ ਕਮਜ਼ੋਰੀ ਨੂੰ ਵੇਖਿਆ ਜਾਂਦਾ ਹੈ ਤਾਂ ਚੀਨ ਅੱਗੇ ਵਧਦਾ ਹੈ ਅਤੇ ਜ਼ਮੀਨ ਹੜੱਪਣ ਦੀ ਸਾਜਿਸ਼ ਰਚਦਾ ਹੈ । ਇਸ ਵਾਰ ਚੀਨ ਆਪਣੀਆਂ ਹੀ ਚਾਲਾਂ ਵਿੱਚ ਫਸਿਆ ਹੈ। ਚੀਨ ਦੇ ਕਬਜ਼ੇ ਤੋਂ ਪਹਿਲਾਂ ਹੀ ਭਾਰਤ ਨੇ ਪੈਨਗੋਂਗ ਦੇ ਦੱਖਣ ਵਿੱਚ ਮਹੱਤਵਪੂਰਨ ਰਣਨੀਤਕ ਚੋਟੀਆਂ ‘ਤੇ ਕਬਜ਼ਾ ਕਰ ਲਿਆ ਹੈ, ਜਿਸ ਨਾਲ ਚੀਨ ਬੌਖਲਾਇਆ ਹੋਇਆ ਹੈ।