ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੁਨੀਆ ਇਲਾਕੇ ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਉਰਫ ਮੋਨੂੰ ਨੂੰ ਡੇਂਗੂ ਹੋ ਗਿਆ ਹੈ। ਸ਼ੁੱਕਰਵਾਰ ਨੂੰ ਹੀ ਅਦਾਲਤ ਨੇ ਮੋਨੂੰ ਨੂੰ 25 ਅਕਤੂਬਰ ਤੱਕ ਪੁਲਿਸ ਰਿਮਾਂਡ ‘ਤੇ ਭੇਜਿਆ ਸੀ। ਹੁਣ ਪੁੱਛਗਿੱਛ ਤੋਂ ਪਹਿਲਾਂ ਹੀ ਉਸ ਦੀ ਸਿਹਤ ਵਿਗੜ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਆਸ਼ੀਸ਼ ਮਿਸ਼ਰਾ ਦੀ ਦੋ ਟੈਸਟਾਂ ਵਿੱਚ ਡੇਂਗੂ ਦੀ ਪੁਸ਼ਟੀ ਹੋਈ ਹੈ, ਨਾਲ ਹੀ ਬਲੱਡ ਸ਼ੂਗਰ ਵਿੱਚ ਵੀ ਵਾਧਾ ਦੇਖਣ ਨੂੰ ਮਿਲਿਆ ਹੈ। ਡੇਂਗੂ ਦੀ ਪੁਸ਼ਟੀ ਹੋਣ ਤੋਂ ਬਾਅਦ ਪੁਲਿਸ ਨੇ ਸ਼ਨੀਵਾਰ ਦੇਰ ਰਾਤ ਆਸ਼ੀਸ਼ ਨੂੰ ਜੇਲ੍ਹ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਵਧੀਕ ਐਸਪੀ ਅਰੁਣ ਕੁਮਾਰ ਸਿੰਘ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ।
ਇਹ ਵੀ ਪੜ੍ਹੋ: ਮਨੀਸ਼ ਤਿਵਾਰੀ ਨੇ ਤਾੜੇ ਕਾਂਗਰਸੀ ਆਗੂ, ਬੋਲੇ- ਨਿਆਣਿਆਂ ਵਾਂਗ ਲੜਨਾ ਛੱਡੋ, ਮੁੱਦੇ ਵੇਖੋ
ਇਸ ਸਬੰਧੀ ਉਨ੍ਹਾਂ ਦੱਸਿਆ ਕਿ ਮੈਡੀਕਲ ਰਿਪੋਰਟ ਵਿੱਚ ਉਨ੍ਹਾਂ ਦੀ ਸ਼ੂਗਰ ਵੀ ਵਾਧਾ ਹੋਇਆ ਹੈ।ਮੈਡੀਕਲੀ ਫਿੱਟ ਨਾ ਹੋਣ ਕਾਰਨ ਪੁਲਿਸ ਨੇ ਉਸ ਤੋਂ ਪੁੱਛਗਿੱਛ ਕਰਨਾ ਉਚਿਤ ਨਹੀਂ ਸਮਝਿਆ ਅਤੇ ਸ਼ਨੀਵਾਰ ਦੇਰ ਸ਼ਾਮ ਉਸ ਨੂੰ ਜੇਲ੍ਹ ਦੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਅੱਗੇ ਲੋੜ ਪਈ ਤਾਂ ਠੀਕ ਹੋਣ ਤੋਂ ਬਾਅਦ ਉਸ ਨੂੰ ਮੁੜ ਰਿਮਾਂਡ ‘ਤੇ ਲਿਆ ਜਾਵੇਗਾ ਅਤੇ ਪੁੱਛਗਿੱਛ ਕੀਤੀ ਜਾਵੇਗੀ।
ਦੱਸ ਦੇਈਏ ਕਿ 3 ਅਕਤੂਬਰ ਨੂੰ ਲਖੀਮਪੁਰ ਖੀਰੀ ਹਿੰਸਾ ਵਿੱਚ ਚਾਰ ਕਿਸਾਨਾਂ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ ਸੀ । ਦੋਸ਼ ਹੈ ਕਿ ਜਦੋਂ ਕਿਸਾਨਾਂ ਵੱਲੋਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਤਾਂ ਉਦੋਂ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੇ ਉਨ੍ਹਾਂ ‘ਤੇ ਕਾਰ ਚੜ੍ਹਾ ਦਿੱਤੀ ਸੀ। ਜਿਸ ਤੋਂ ਬਾਅਦ ਸੂਬੇ ਵਿੱਚ ਹੀ ਨਹੀਂ ਦੇਸ਼ ਭਰ ਵਿੱਚ ਰੋਸ ਦਾ ਮਾਹੌਲ ਹੈ।
ਵੀਡੀਓ ਲਈ ਕਲਿੱਕ ਕਰੋ -: