LG Anil Baijal approves: ਨਵੀਂ ਦਿੱਲੀ: ਦਿੱਲੀ ਮੈਟਰੋ 7 ਸਤੰਬਰ ਤੋਂ ਸ਼ੁਰੂ ਹੋ ਸਕਦੀ ਹੈ। ਸੂਤਰਾਂ ਅਨੁਸਾਰ ਉਪ ਰਾਜਪਾਲ ਅਨਿਲ ਬੈਜਲ ਨੇ ਕੇਜਰੀਵਾਲ ਸਰਕਾਰ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ। ਇਸਦਾ ਮਤਲਬ ਹੈ ਕਿ ਦਿੱਲੀ ਵਿੱਚ ਮੈਟਰੋ ਚਲਾਉਣ ਲਈ ਮਨਜ਼ੂਰੀ ਮਿਲ ਗਈ ਹੈ। ਇਹ ਫੈਸਲਾ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ ਦੀ ਮੀਟਿੰਗ ਵਿੱਚ ਲਿਆ ਗਿਆ ਹੈ ।
ਗੌਰਤਲਬ ਹੈ ਕਿ ਕੇਂਦਰ ਸਰਕਾਰ ਵੱਲੋਂ ਅਨਲੌਕ 4 ਵਿੱਚ ਮੈਟਰੋ ਸੇਵਾਵਾਂ ਨੂੰ ਬਹਾਲ ਕਰਨ ਲਈ ਹਰੀ ਝੰਡੀ ਦੇ ਇੱਕ ਦਿਨ ਬਾਅਦ ਦਿੱਲੀ ਸਰਕਾਰ ਨੇ ਐਤਵਾਰ ਨੂੰ ਕਿਹਾ ਸੀ ਕਿ ਜਿਨ੍ਹਾਂ ਸਟੇਸ਼ਨਾਂ ‘ਤੇ ਸੇਵਾਵਾਂ ਬਹਾਲ ਕੀਤੀਆਂ ਜਾ ਰਹੀਆਂ ਹਨ, ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਅਤੇ ਇਹ ਜਲਦੀ ਹੀ ਇਸਨੂੰ ਜਨਤਕ ਕੀਤਾ ਜਾਵੇਗਾ। ਕੋਰੋਨਾਵਾਇਰਸ ਜਾਂ ਕੋਵਿਡ -19 ਮਹਾਂਮਾਰੀ ਕਾਰਨ ਪੰਜ ਮਹੀਨਿਆਂ ਤੋਂ ਵੱਧ ਸਮੇਂ ਲਈ ਬੰਦ ਰਹਿਣ ਤੋਂ ਬਾਅਦ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ.ਐੱਮ.ਆਰ.ਸੀ.) ਆਪਣੀਆਂ ਸੇਵਾਵਾਂ ਨੂੰ ਯੋਜਨਾਬੱਧ ਢੰਗ ਨਾਲ ਮੁੜ ਬਹਾਲ ਕਰੇਗੀ, ਜਿਸ ਦੇ ਨਾਲ 7 ਸਤੰਬਰ ਤੋਂ ਨਵੇਂ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕੀਤਾ ਜਾਵੇਗਾ।
ਦੱਸ ਦੇਈਏ ਕਿ ਦਿੱਲੀ ਸਰਕਾਰ ਨੇ ਕਿਹਾ ਸੀ ਕਿ ਮੈਟਰੋ ਦੀ ਯਾਤਰਾ ਲਈ ਫਿਲਹਾਲ ਟੋਕਨ ਨਹੀਂ ਵਰਤੇ ਜਾਣਗੇ ਕਿਉਂਕਿ ਵਾਇਰਸ ਫੈਲਣ ਦਾ ਜੋਖਮ ਜ਼ਿਆਦਾ ਹੈ। ਸਟੇਸ਼ਨਾਂ ‘ਤੇ ਸਮਾਰਟ ਕਾਰਡ ਖਰੀਦਣ ਦੀ ਪ੍ਰਣਾਲੀ ਹੋਵੇਗੀ ਅਤੇ ਯਾਤਰੀ ਸਿਰਫ ਸਮਾਰਟ ਕਾਰਡਾਂ ਨਾਲ ਯਾਤਰਾ ਕਰ ਸਕਣਗੇ। ਡਿਜੀਟਲ ਢੰਗਾਂ ਦੀ ਵਰਤੋਂ ਸਮਾਰਟ ਕਾਰਡਾਂ ਦੇ ਰੀਚਾਰਜ ਲਈ ਕੀਤੀ ਜਾਵੇਗੀ।