lockdown extended in sikkim: ਗੰਗਟੋਕ: ਸਿੱਕਮ ਸਰਕਾਰ ਨੇ ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਦੇ ਵਜੋਂ ਰਾਜ ਭਰ ਵਿੱਚ ਲਾਗੂ ਕੀਤੀ ਗਈ ਤਾਲਾਬੰਦੀ ਦੀ ਮਿਆਦ 1 ਅਗਸਤ ਤੱਕ ਵਧਾ ਦਿੱਤੀ ਹੈ। ਰਾਜ ਭਰ ਵਿੱਚ ਲਾਗੂ ਕੀਤਾ ਗਿਆ ਛੇ ਰੋਜ਼ਾ ਤਾਲਾਬੰਦ ਐਤਵਾਰ ਨੂੰ ਖਤਮ ਹੋਣਾ ਸੀ। ਮੁੱਖ ਸਕੱਤਰ ਐਸ.ਸੀ. ਗੁਪਤਾ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਦਿਆਂ ਕਿਹਾ, “ਸਥਿਤੀ ਬਾਰੇ ਵਿਚਾਰ-ਵਟਾਂਦਰੇ ਤੋਂ ਬਾਅਦ, ਸਿੱਕਮ ‘ਚ ਲਾਗੂ ਲੌਕਡਾਊਨ ਦੀ ਮਿਆਦ ਨੂੰ ਵਧਾ ਕੇ 1 ਅਗਸਤ ਕਰਨ ਦਾ ਫੈਸਲਾ ਕੀਤਾ ਗਿਆ।” ਇੱਕ ਅਧਿਕਾਰੀ ਨੇ ਦੱਸਿਆ ਕਿ ਰਾਜ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੀ ਪਹਿਲੀ ਮੌਤ ਐਤਵਾਰ ਨੂੰ ਹੋਈ, ਇੱਕ 74 ਸਾਲਾ ਪੀੜਤ ਵਿਅਕਤੀ ਨੇ ਇੱਕ ਸਰਕਾਰੀ ਹਸਪਤਾਲ ‘ਚ ਦਮ ਤੋੜਿਆ ਹੈ। ਇਸ ਸਮੇਂ ਸਿੱਕਮ ਵਿੱਚ 350 ਤੋਂ ਵੱਧ ਸੰਕਰਮਿਤ ਲੋਕਾਂ ਦਾ ਇਲਾਜ ਚੱਲ ਰਿਹਾ ਹੈ, ਜਦਕਿ ਹੁਣ ਤੱਕ ਰਾਜ ਵਿੱਚ ਸੰਕਰਮਣ ਦੇ ਕੁੱਲ 499 ਮਾਮਲੇ ਸਾਹਮਣੇ ਆਏ ਹਨ। ਰਾਜ ਵਿੱਚ ਹੁਣ ਤੱਕ 142 ਵਿਅਕਤੀਆਂ ਦਾ ਇਲਾਜ ਕੀਤਾ ਜਾ ਚੁੱਕਾ ਹੈ।
ਅੱਜ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਕੇ 13 ਲੱਖ 85 ਹਜ਼ਾਰ 522 ਹੋ ਗਏ ਹਨ। ਇਸ ਵੇਲੇ 4 ਲੱਖ 67 ਹਜ਼ਾਰ 882 ਐਕਟਿਵ ਕੇਸ ਹਨ ਅਤੇ 8 ਲੱਖ 85 ਹਜ਼ਾਰ 576 ਵਿਅਕਤੀ ਲਾਗ ਤੋਂ ਮੁਕਤ ਹੋ ਚੁੱਕੇ ਹਨ। ਖਤਰਨਾਕ ਵਾਇਰਸ ਨੇ ਹੁਣ ਤੱਕ 32 ਹਜ਼ਾਰ 63 ਲੋਕਾਂ ਦੀ ਜਾਨ ਲੈ ਲਈ ਹੈ। ਪਿੱਛਲੇ 24 ਘੰਟਿਆਂ ਵਿੱਚ 48 ਹਜ਼ਾਰ 661 ਨਵੇਂ ਕੇਸ ਸਾਹਮਣੇ ਆਏ ਅਤੇ 705 ਲੋਕਾਂ ਦੀ ਮੌਤ ਹੋ ਗਈ।