Lok sabha farmers protest : ਦਿੱਲੀ ਦੀ ਸਰਹੱਦ ‘ਤੇ ਕਿਸਾਨਾਂ ਦੇ ਅੰਦੋਲਨ ਵਿੱਚ ਜਿਥੇ ਸੁਰੱਖਿਆ ‘ਚ ਰਫ਼ਤਾਰ ਵੇਖੀ ਗਈ ਹੈ, ਉਥੇ ਹੀ ਸੰਸਦ ਵਿੱਚ ਵੀ ਕਿਸਾਨਾਂ ਦੀ ਲੜਾਈ ਸ਼ੁਰੂ ਹੋ ਗਈ ਹੈ। ਮੰਗਲਵਾਰ ਨੂੰ ਰਾਜ ਸਭਾ ਵਿੱਚ ਵਿਰੋਧੀ ਪਾਰਟੀਆਂ ਨੇ ਕਿਸਾਨਾਂ ਦੀ ਮੰਗ ਨੂੰ ਵਿਚਾਰਨ ਲਈ ਨਾਅਰੇਬਾਜ਼ੀ ਕੀਤੀ। ਸਰਕਾਰ ਵਿਰੋਧੀ ਨਾਅਰੇਬਾਜ਼ੀ ਕੀਤੀ ਅਤੇ ਖੇਤੀਬਾੜੀ ਕਾਨੂੰਨ ਵਾਪਿਸ ਲੈਣ ਦੀ ਆਵਾਜ਼ ਬੁਲੰਦ ਕੀਤੀ। ਪਰ ਇਸ ‘ਤੇ ਵਿਚਾਰ ਵਟਾਂਦਰੇ ਨਹੀਂ ਹੋਏ। ਸਵੇਰ ਤੋਂ ਹੀ ਹੰਗਾਮਾ ਚੱਲ ਰਿਹਾ ਸੀ ਅਤੇ ਤਿੰਨ ਵਾਰ ਕਾਰਵਾਈ ਮੁਲਤਵੀ ਹੋਣ ਤੋਂ ਬਾਅਦ ਦੁਪਹਿਰ 12.30 ਵਜੇ ਜਦੋਂ ਸਦਨ ਸ਼ੁਰੂ ਹੋਇਆ ਤਾਂ ਜੈ ਜਵਾਨ, ਜੈ ਕਿਸਾਨ ਦੇ ਨਾਅਰੇ ਲਗਾਏ ਜਾਣੇ ਸ਼ੁਰੂ ਹੋ ਗਏ। ਇਸ ਹੰਗਾਮੇ ਦੇ ਮੱਦੇਨਜ਼ਰ ਰਾਜ ਸਭਾ ਦੀ ਕਾਰਵਾਈ ਬੁੱਧਵਾਰ ਸਵੇਰੇ 9 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।
ਪਰ ਹੁਣ ਰਾਜ ਸਭਾ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ ਵੀ ਸ਼ਾਮ 5 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਵਿਰੋਧੀ ਧਿਰ ਦੇ ਹੰਗਾਮੇ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਲੋਕ ਸਭਾ ‘ਚ ਵੀ ਵਿਰੋਧੀ ਧਿਰ ਖੇਤੀਬਾੜੀ ਕਾਨੂੰਨਾਂ ਉੱਤੇ ਬਹਿਸ ਦੀ ਮੰਗ ਕਰ ਰਹੀ ਹੈ। ਖੇਤੀਬਾੜੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਨੇ 26 ਜਨਵਰੀ ਦੀ ਘਟਨਾ ਤੋਂ ਬਾਅਦ ਇੱਕ ਵੱਖਰੀ ਰਫ਼ਤਾਰ ਹਾਸਿਲ ਕੀਤੀ ਹੈ। ਦਿੱਲੀ ਅਤੇ ਉੱਤਰ ਪ੍ਰਦੇਸ਼ ਦਰਮਿਆਨ ਗਾਜੀਪੁਰ ਸਰਹੱਦ ‘ਤੇ ਵੱਡੀ ਗਿਣਤੀ ਵਿੱਚ ਕਿਸਾਨ ਲਾਮਬੰਦ ਹੋ ਰਹੇ ਹਨ ਅਤੇ ਉੱਘੇ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਸੱਦੇ ਤੋਂ ਬਾਅਦ ਵੱਡੀ ਗਿਣਤੀ ਵਿੱਚ ਕਿਸਾਨ ਕਈ ਰਾਜਾਂ ਤੋਂ ਇਕੱਠੇ ਹੋ ਰਹੇ ਹਨ। ਅਜਿਹੀ ਸਥਿਤੀ ਵਿੱਚ ਕਿਸਾਨ ਸੰਗਠਨਾਂ ਨੇ 6 ਫਰਵਰੀ ਨੂੰ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਆਗੂਆਂ ਦੀ ਕੋਸ਼ਿਸ਼ ਇਸ ਲਹਿਰ ਨੂੰ ਹੋਰ ਵੀ ਮਜਬੂਤ ਕਰਨ ਦੀ ਹੈ।