ਆਮ ਆਦਮੀ ਦੀ ਜੇਬ ਨੂੰ ਇੱਕ ਵਾਰ ਫਿਰ ਕਰਾਰਾ ਝਟਕਾ ਲੱਗਿਆ ਹੈ। ਤੇਲ ਕੰਪਨੀਆਂ ਨੇ ਇੱਕ ਵਾਰ ਫਿਰ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਹੁਣ ਦੇਸ਼ ਵਿੱਚ ਘਰੇਲੂ ਗੈਸ ਸਿਲੰਡਰ 1000 ਰੁਪਏ ਨੂੰ ਪਾਰ ਪਹੁੰਚ ਗਿਆ ਹੈ । ਉੱਥੇ ਹੀ ਘਰੇਲੂ LPG ਤੋਂ ਇਲਾਵਾ ਕਮਰਸ਼ੀਅਲ ਐਲਪੀਜੀ ਸਿਲੰਡਰ ਵੀ ਮਹਿੰਗਾ ਹੋਇਆ ਹੈ । ਮਿਲੀ ਜਾਣਕਾਰੀ ਅਨੁਸਾਰ ਵੀਰਵਾਰ ਨੂੰ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ 3 ਰੁਪਏ 50 ਪੈਸੇ ਦਾ ਵਾਧਾ ਕੀਤਾ ਗਿਆ ਹੈ। ਜਿਸ ਤੋਂ ਬਾਅਦ ਦੇਸ਼ ਵਿੱਚ ਘਰੇਲੂ ਰਸੋਈ ਗੈਸ ਸਿਲੰਡਰ 1000 ਨੂੰ ਪਾਰ ਕਰ ਗਿਆ ਹੈ । ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ ਵਾਧੇ ਤੋਂ ਬਾਅਦ ਅੱਜ ਤੋਂ ਦਿੱਲੀ ਅਤੇ ਮੁੰਬਈ ਵਿੱਚ 14.2 ਕਿਲੋ ਦੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 1003 ਰੁਪਏ, ਕੋਲਕਾਤਾ ਵਿੱਚ 1029 ਰੁਪਏ, ਚੇੱਨਈ ਵਿੱਚ 1018.5 ਰੁਪਏ ਹੋ ਗਈ ਹੈ।
ਘਰੇਲੂ ਰਸੋਈ ਗੈਸ ਤੋਂ ਇਲਾਵਾ ਵਪਾਰਕ ਐਲਪੀਜੀ ਸਿਲੰਡਰ ਵੀ 8 ਰੁਪਏ ਮਹਿੰਗਾ ਹੋ ਗਿਆ ਹੈ । ਵੀਰਵਾਰ ਤੋਂ 19 ਕਿਲੋ ਵਾਲੇ ਸਿਲੰਡਰ ਦੀ ਕੀਮਤ ਦਿੱਲੀ ਵਿੱਚ 2354 ਰੁਪਏ, ਕੋਲਕਾਤਾ ਵਿੱਚ 2454 ਰੁਪਏ, ਮੁੰਬਈ ਵਿੱਚ 2306 ਰੁਪਏ ਅਤੇ ਚੇੱਨਈ ਵਿੱਚ 2507 ਰੁਪਏ ਦਾ ਮਿਲੇਗਾ । ਦੱਸ ਦੇਈਏ ਕਿ 7 ਮਈ ਨੂੰ ਵਪਾਰਕ ਗੈਸ ਸਿਲੰਡਰ 10 ਰੁਪਏ ਸਸਤਾ ਹੋ ਗਿਆ ਸੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 7 ਮਈ ਨੂੰ ਘਰੇਲੂ ਗੈਸ ਸਿਲੰਡਰ ਵਿੱਚ 50 ਰੁਪਏ ਦਾ ਵਾਧਾ ਹੋਇਆ ਸੀ । ਇਸ ਤੋਂ ਬਾਅਦ ਘਰੇਲੂ ਗੈਸ ਸਿਲੰਡਰ ਦੀ ਕੀਮਤ 999.50 ਰੁਪਏ ਤੱਕ ਪਹੁੰਚ ਗਈ ਸੀ । ਉੱਥੇ ਹੀ ਇਸ ਤੋਂ ਪਹਿਲਾਂ ਵਪਾਰਕ ਗੈਸ ਸਿਲੰਡਰ ਦੀ ਕੀਮਤ 102 ਰੁਪਏ ਵਧਾਈ ਗਈ ਸੀ।
ਗੌਰਤਲਬ ਹੈ ਕਿ ਇਸ ਸਾਲ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ ਕਈ ਵਾਰ ਵਾਧਾ ਹੋਇਆ ਹੈ । 1 ਅਪ੍ਰੈਲ ਨੂੰ 19 ਕਿਲੋ ਵਾਲੇ ਵਪਾਰਕ ਸਿਲੰਡਰ ਵਿੱਚ 250 ਰੁਪਏ ਦਾ ਵਾਧਾ ਹੋਇਆ ਸੀ। ਉਦੋਂ ਇਸ ਦੀ ਕੀਮਤ 2253 ਰੁਪਏ ਹੋ ਗਈ ਸੀ । ਇਸ ਤੋਂ ਪਹਿਲਾਂ ਵਪਾਰਕ ਐਲਪੀਜੀ ਦੀ ਕੀਮਤ 1 ਮਾਰਚ, 2022 ਨੂੰ 105 ਰੁਪਏ ਵਧਾਈ ਗਈ ਸੀ। ਯਾਨੀ ਪਿਛਲੇ ਕਈ ਮਹੀਨਿਆਂ ਤੋਂ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧੇ ਦਾ ਜ਼ੋਰਦਾਰ ਸਿਲਸਿਲਾ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: